Breaking News
Home / ਪੰਜਾਬ / ਸੁਖਬੀਰ ਵੱਲੋਂ ਪ੍ਰਧਾਨਗੀ ਤੋਂ ਅਸਤੀਫ਼ੇ ਦੀਆਂ ਖਬਰਾਂ ਅਫਵਾਹਾਂ : ਬਲਵਿੰਦਰ ਸਿੰਘ ਭੂੰਦੜ

ਸੁਖਬੀਰ ਵੱਲੋਂ ਪ੍ਰਧਾਨਗੀ ਤੋਂ ਅਸਤੀਫ਼ੇ ਦੀਆਂ ਖਬਰਾਂ ਅਫਵਾਹਾਂ : ਬਲਵਿੰਦਰ ਸਿੰਘ ਭੂੰਦੜ

ਸੰਗਰੂਰ ਜ਼ਿਮਨੀ ਚੋਣ ਤੋਂ ਬਾਅਦ ਅਸਤੀਫ਼ਾ ਦੇਣ ਦੀ ਚਰਚਾ ਨੇ ਜ਼ੋਰ ਫੜਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਦਿੱਤੇ ਜਾਣ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਮਾਝਾ, ਮਾਲਵਾ ਅਤੇ ਦੋਆਬਾ ਤੋਂ ਤਿੰਨ ਨੌਜਵਾਨ ਆਗੂਆਂ ਨੂੰ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਦੀ ਕਹੀ ਗੱਲ ਨੇ ਇਹ ਮਾਮਲਾ ਹੋਰ ਭਖਾ ਦਿੱਤਾ ਹੈ।
ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੀਆਂ ਖਬਰਾਂ ਸਿਰਫ਼ ਅਫਵਾਹਾਂ ਹਨ। ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ। ਭੂੰਦੜ ਨੇ ਸਪੱਸ਼ਟ ਕੀਤਾ ਕਿ ਕਿਸੇ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਅਸਤੀਫੇ ਦੀ ਮੰਗ ਨਹੀਂ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਲੋਕਤੰਤਰੀ ਢੰਗ ਨਾਲ ਹੋਈ ਚੋਣ ਵਿੱਚ ਪ੍ਰਧਾਨ ਚੁਣਿਆ ਗਿਆ ਸੀ। ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਚੁੱਕੇ ਗਏ ਮੁੱਦਿਆਂ ਬਾਰੇ ਅਕਾਲੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਇਹ ਬਿਆਨ ਨਹੀਂ ਸੁਣਿਆ ਹੈ ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਦੇ ਅੰਦਰ ਹੀ ਸਾਰੇ ਮਸਲਿਆਂ ‘ਤੇ ਚਰਚਾ ਹੋਣੀ ਚਾਹੀਦੀ ਹੈ।
ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਕਬਾਲ ਸਿੰਘ ਝੂੰਦਾਂ ਦੀ ਸਬ ਕਮੇਟੀ ਦੀ ਰਿਪੋਰਟ ਸਮੇਤ ਸਾਰੇ ਮਾਮਲਿਆਂ ‘ਤੇ ਪਾਰਟੀ ਦੇ ਅੰਦਰ ਹੀ ਚਰਚਾ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਹਰਚਰਨ ਬੈਂਸ ਤੇ ਚਰਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ।
ਡਰੱਗ ਮਾਮਲੇ ‘ਚ ਮਜੀਠੀਆ ਦੀ ਹਿਰਾਸਤ ਵਿੱਚ ਵਾਧਾ
ਮੁਹਾਲੀ : ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ। ਇਸ ਕੇਸ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਹੋਈ। ਮਿਲੀ ਜਾਣਕਾਰੀ ਮੁਤਾਬਕ ਅਦਾਲਤ ਨੇ ਅਕਾਲੀ ਆਗੂ ਦੀ ਨਿਆਂਇਕ ਹਿਰਾਸਤ ਵਿੱਚ ਫਿਰ ਤੋਂ 14 ਦਿਨਾਂ ਦਾ ਵਾਧਾ ਕਰਦਿਆਂ ਅਗਲੀ ਸੁਣਵਾਈ ਲਈ 11 ਜੁਲਾਈ ਦਾ ਦਿਨ ਨਿਰਧਾਰਤ ਕੀਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਵਿੰਗ ਦੇ ਥਾਣੇ ਵਿੱਚ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਮਾਮਲੇ ਵਿੱਚ ਅਪਰਾਧਿਕ ਕੇਸ ਦਰਜ ਕੀਤਾ ਸੀ। ਉਸ ਦਿਨ ਤੋਂ ਮਜੀਠੀਆ ਪਟਿਆਲਾ ਜੇਲ੍ਹ ਵਿੱਚ ਬੰਦ ਹਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …