ਕਿਹਾ : ਜਿੱਤ ਦਾ ਹੰਕਾਰ ਨਾ ਕਰਨ ਆਪ ਵਰਕਰ ਤੇ ਵਿਧਾਇਕ
ਖਟਕੜ ਕਲਾਂ/ਬਿਊਰੋ ਨਿਊਜ਼
ਭਗਵੰਤ ਮਾਨ ਨੇ ਅੱਜ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੇ ਭੇਤਾਂ ਨੂੰ ਗੁਪਤ ਰੱਖਣ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੇ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਸੀ। ਭਗਵੰਤ ਮਾਨ ਨੇ ਮਾਂ ਬੋਲੀ ਪੰਜਾਬੀ ਵਿਚ ਸਹੁੰ ਚੁੱਕੀ ਅਤੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਵੀ ਲਗਾਇਆ। ਸਹੁੰ ਚੁੱਕਣ ਤੋਂ ਬਾਅਦ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਕੁੱਝ ਖਾਸ ਦਿਨਾਂ ’ਤੇ ਹੀ ਯਾਦ ਕਿਉਂ ਕੀਤਾ ਜਾਂਦਾ ਹੈ ਜਦਕਿ ਸਾਨੂੰ ਉਨ੍ਹਾਂ ਵੱਲੋਂ ਦਰਸਾਏ ਰਸਤੇ ’ਤੇ ਹਰ ਰੇੋਜ਼ ਚੱਲਣਾ ਚਾਹੀਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਕਿਸੇ ਨੇ ਵੀ ਸੱਤਾ ਦਾ ਹੰਕਾਰ ਨਹੀਂ ਕਰਨਾ। ਜੇਕਰ ਤੁਸੀਂ ਜਨਤਾ ਦੇ ਸੇਵਕ ਬਣ ਕੇ ਰਹੋਗੇ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਕਿ ਪੰਜਾਬ ਦੀ ਸੱਤਾ ਚੰਗੇ ਲੋਕਾਂ ਦੇ ਹੱਥ ਵਿਚ ਆਈ ਹੈ। ਮਾਨ ਨੇ ਕਿਹਾ ਕਿ ਅਸੀਂ ਬੇਰੁਜ਼ਗਾਰੀ, ਭਿ੍ਰਸ਼ਟਾਚਾਰ, ਖੇਤੀ, ਵਪਾਰ, ਚੰਗੇ ਸਕੂਲ ਅਤੇ ਸਿਹਤ ਸਹੂਲਤਾਂ ’ਚ ਵੱਡੇ ਪੱਧਰ ’ਤੇ ਸੁਧਾਰ ਕਰਾਂਗੇ। ਉਨ੍ਹਾਂ ਕਿਹਾ ਅਸੀਂ ਵੀ ਤੁਹਾਡੇ ਵਰਗੇ ਹਾਂ ਅਤੇ ਸਦਾ ਤੁਹਾਡੇ ਵਰਗੇ ਹੀ ਰਹਾਂਗੇ ਅਤੇ ਪੰਜਾਬ ਅੰਦਰ ਰਹਿ ਕੇ ਪੰਜਾਬ ਦਾ ਭਲਾ ਕਰਾਂਗੇ। ਸਹੁੰ ਚੁੱਕ ਸਮਾਗਮ ਵਿਚ ਸਮੁੱਚੇ ਪੰਜਾਬ ਤੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਕੇਸਰੀ ਦਸਤਾਰਾਂ ਸਜਾ ਕੇ ਹੁੰਮ-ਹੁਮਾ ਕੇ ਪਹੁੰਚੇ ਹੋਏ ਸਨ। ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ।