‘ਆਪ’ ਵਲੋਂ ਚੰਨੀ ਖਿਲਾਫ ‘ਨਕਲੀ ਕੇਜਰੀਵਾਲ’ ਦੇ ਪੋਸਟਰ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਦੇ ਦਿਨ ਜਿਉਂ-ਜਿਉਂ ਨੇੜੇ ਆਉਂਦੇ ਜਾ ਰਹੇ ਹਨ, ਤਿਉਂ-ਤਿਉਂ ਸਿਆਸੀ ਮਾਹੌਲ ਵੀ ਪੂਰੀ ਤਰ੍ਹਾਂ ਗਰਮਾਉਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਅਸਲੀ-ਨਕਲੀ ਆਮ ਆਦਮੀ ਦੀ ਸਿਆਸੀ ਜੰਗ ਵੀ ਤੇਜ਼ ਹੋ ਗਈ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਬੰਧੀ ‘ਨਕਲੀ ਕੇਜਰੀਵਾਲ’ ਦੇ ਪੋਸਟਰ ਜਾਰੀ ਕਰ ਦਿੱਤੇ ਹਨ। ਅਰਵਿੰਦ ਕੇਜਰੀਵਾਲ ਨੇ ਦੋ ਦਿਨ ਪਹਿਲਾਂ ਮੋਗਾ ਵਿਚ ਸੀਐਮ ਚੰਨੀ ਨੂੰ ਨਕਲੀ ਕੇਜਰੀਵਾਲ ਦੱਸਿਆ ਸੀ। ਜ਼ਿਕਰਯੋਗ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਵੀ ਆਮ ਆਦਮੀ ਪਾਰਟੀ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਇਹੀ ਦਾਅ ਖੇਡਿਆ ਸੀ ਅਤੇ ਮਜੀਠੀਆ ’ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਆਰੋਪ ਲਗਾਏ ਸਨ। ਪਰ ਬਾਅਦ ਵਿਚ ਕੇਜਰੀਵਾਲ ਨੂੰ ਮਜੀਠੀਆ ਕੋਲੋਂ ਮੁਆਫੀ ਮੰਗਣੀ ਪਈ ਸੀ। ਆਮ ਆਦਮੀ ਪਾਰਟੀ ਦੇ ਇਸ ਪੋਸਟਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਇਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਇਸ ਵਿਚ ਸੀਐਮ ਚੰਨੀ ਦੀ ਫੋਟੋ ਵੀ ਲਗਾਈ ਗਈ ਹੈ। ਜਿਸ ਵਿਚ ਲਿਖਿਆ ਗਿਆ ਹੈ ਕਿ ਇਹ ਆਦਮੀ ਅਰਵਿੰਦ ਕੇਜਰੀਵਾਲ ਦੇ ਸਾਰੇ ਐਲਾਨ ਕਾਪੀ ਕਰਦਾ ਹੈ। ਮੁਫਤ ਬਿਜਲੀ, ਮਹੱਲਾ ਕਲੀਨਿਕ, ਮੁਫਤ ਬੱਸ ਯਾਤਰਾ ਦੀ ਗੱਲ ਕਰਦਾ ਹੈ ਅਤੇ ਲੋਕਾਂ ਨੂੰ ਧੋਖਾ ਦਿੰਦਾ ਹੈ। ਇਸ ਤਰ੍ਹਾਂ ਦੇ ਨਕਲੀ ਵਿਅਕਤੀ ਤੋਂ ਸਾਵਧਾਨ ਰਹੋ। ਧਿਆਨ ਰਹੇ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਆਪਣੇ ਆਪ ਨੂੰ ਆਮ ਆਦਮੀ ਦੱਸ ਰਹੇ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …