Breaking News
Home / ਪੰਜਾਬ / ਪ੍ਰਸ਼ਾਂਤ ਕਿਸ਼ੋਰ ਦੀਆਂ ਫੌਜਾਂ ਨੂੰ ਖੁਸ਼ ਕਰਨ ਵਾਲੇ ਟਿਕਟਾਂ ਲੈ ਗਏ!

ਪ੍ਰਸ਼ਾਂਤ ਕਿਸ਼ੋਰ ਦੀਆਂ ਫੌਜਾਂ ਨੂੰ ਖੁਸ਼ ਕਰਨ ਵਾਲੇ ਟਿਕਟਾਂ ਲੈ ਗਏ!

ਕਿਹਾ, ਕਾਂਗਰਸ ਪਾਰਟੀ ‘ਚ ਸ਼ਰੀਫ ਆਗੂ ਹੋਣਾ ਹੈ ਗੁਨਾਹ
ੲ ਜੀਵਨ ਕਥਾ ‘ਸੰਘਰਸ਼ ਦੇ 45 ਸਾਲ’ ਵਿਚ ਕੀਤੇ ਅਹਿਮ ਖੁਲਾਸੇ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸੀ ਆਗੂ ਅਤੇ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ (ਪੀਐਸਆਈਡੀਜੀ) ਦੇ ਤੀਜੀ ਵਾਰ ਚੇਅਰਮੈਨ ਬਣੇ ਕ੍ਰਿਸ਼ਨ ਕੁਮਾਰ ਬਾਵਾ ਨੇ ਜੀਵਨ ਕਥਾ ‘ਸੰਘਰਸ਼ ਦੇ 45 ਸਾਲ’ ਕਿਤਾਬ ਵਿਚ ਕਾਂਗਰਸ ਤੇ ਪ੍ਰਸ਼ਾਂਤ ਕਿਸ਼ੋਰ ਦੇ ਕੰਮਕਾਰ ਬਾਰੇ ਟਿੱਪਣੀ ਕੀਤੀ ਹੈ। ਬਾਵਾ ਲਿਖਦੇ ਹਨ ਕਿ ਕਾਂਗਰਸ ਪਾਰਟੀ ਵਿਚ ਸ਼ਰੀਫ ਹੋਣਾ ਗੁਨਾਹ ਹੈ। ਕਈ ਲੋਕ ਪੈਸੇ ਦੇ ਜ਼ੋਰ ਨਾਲ ਟਿਕਟਾਂ ਲੈ ਲੈਂਦੇ ਹਨ, ਜਿਨ੍ਹਾਂ ਦਾ ਕਾਂਗਰਸ ਦੀ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ। ਬਾਵਾ ਵਲੋਂ ਲਿਖੀ ਪੁਸਤਕ ‘ਸੰਘਰਸ਼ ਦੇ 45 ਸਾਲ’ ਦੀ ਘੁੰਡ ਚੁਕਾਈ ਪਿਛਲੇ ਦਿਨੀਂ ਸਾਧੂ ਸਿੰਘ ਧਰਮਸੋਤ ਨੇ ਕੀਤੀ ਸੀ।
ਪਿਛਲੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਉਹ ਆਤਮ ਨਗਰ, ਲੁਧਿਆਣਾ ਤੋਂ ਚੋਣ ਲੜਨਾ ਚਾਹੁੰਦੇ ਸਨ ਤੇ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਸਮਾਗਮ ਦੌਰਾਨ ਤਕੜੇ ਹੋ ਕੇ ਕੰਮ ਕਰਨ ਦੀ ਗੱਲ ਕਹੀ ਸੀ, ਪਰ ਕਈ ਲੋਕ ਪ੍ਰਸ਼ਾਂਤ ਕਿਸ਼ੋਰ ਦੀਆਂ ਫੌਜਾਂ ਨੂੰ ਖੁਸ਼ ਕਰਨ ਲੱਗ ਪਏ। ਲੋਹੜੀ ਦੇ ਮੌਕੇ ਰਾਏਕੋਟ ਵਿਚ ਹੋਏ ਸਮਾਗਮ ਵਿਚ ਕੈਪਟਨ ਨੇ ਫੇਰ ਫਿਕਰ ਨਾ ਕਰਨ ਅਤੇ ਲੁਧਿਆਣਾ ਪੂਰਬੀ ਹਲਕੇ ਤੋਂ ਚੋਣ ਲੜਾਉਣ ਦੀ ਗੱਲ ਕਹੀ, ਪਰ ਉਹੀ ਹੋਇਆ ਜੋ ਉਸ ਸਮੇਂ ਸੂਬੇ ਦੇ ਇੰਚਾਰਜ ਤੇ ਸਥਾਨਕ ਨੇਤਾ ਚਾਹੁੰਦੇ ਸਨ।
ਬਾਵਾ ਦਾ ਕਹਿਣਾ ਹੈ ਕਿ 1992 ਵਿਚ ਰਾਏਕੋਟ ਹਲਕੇ ਤੋਂ ਉਨ੍ਹਾਂ ਨੂੰ ਮਨਿੰਦਰਜੀਤ ਬਿੱਟਾ ਦੇ ਸਿਆਸੀ ਖਾਤੇ ਵਿਚ ਬੋਲਣ ਕਰਕੇ ਟਿਕਟ ਨਹੀਂ ਮਿਲੀ। ਫਿਰ ਬਿੱਟਾ ਨੇ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਭੂਪੇਸ਼ ਸ਼ਰਮਾ ਨੂੰ ਯੂਥ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਤਾਂ ਪੰਜਾਬ ਵਿਚ ਦੋ ਗੁੱਟ ਬਣ ਗਏ। ਉਹ ਰਮੇਸ਼ ਸਿੰਗਲਾ (ਵਿਧਾਇਕ) ਦੇ ਗੁੱਟ ਨਾਲ ਸਨ, ਇਸ ਤਰ੍ਹਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਹਾਊਸਫੈਡ ਦਾ ਚੇਅਰਮੈਨ ਬਣਾ ਦਿੱਤਾ। ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਬਣੇ ਹਰਚਰਨ ਸਿੰਘ ਬਰਾੜ ਉਨ੍ਹਾਂ (ਬਾਵਾ) ਨੂੰ ਨਗਰ ਸੁਧਾਰ ਟਰੱਸਟ ਲੁਧਿਆਣਾ ਦਾ ਚੇਅਰਮੈਨ ਬਣਾਉਣਾ ਚਾਹੁੰਦੇ ਸਨ, ਪਰ ਬਿੱਟਾ ਨੇ ਚੇਅਰਮੈਨ ਨਾ ਬਣਾਉਣ ਲਈ ਜ਼ੋਰ ਲਗਾ ਦਿੱਤਾ ਤੇ ਉਹ ਚੇਅਰਮੈਨ ਨਾ ਬਣ ਸਕੇ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਉਨ੍ਹਾਂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਦਿੱਲੀ ਲੈ ਗਏ ਤੇ ਤਾਰਿਕ ਅਨਵਰ ਨੇ ਉਮਰ ਪੁੱਛੀ ਤਾਂ ਉਨ੍ਹਾਂ 37 ਸਾਲ ਦੱਸ ਦਿੱਤੀ। ਵੱਧ ਉਮਰ ਦੱਸਣ ‘ਤੇ ਰਜਿੰਦਰ ਕੌਰ ਭੱਠਲ ਨੇ ਘੂਰਿਆ ਸੀ।
ਉਹ ਦਿਨ ਦੁੱਖਾਂ ਦੀ ਇੰਤਹਾ ਸੀ : 1999 ਵਿਚ ਸੋਨੀਆ ਗਾਂਧੀ ਨੇ ਚੰਡੀਗੜ੍ਹ ਆਉਣਾ ਸੀ। ਉਨ੍ਹਾਂ ਨੇ ਪਰਿਵਾਰ ਸਮੇਤ ਚਿੰਤਪੁਰਨੀ ਮੱਥਾ ਟੇਕਣ ਦਾ ਪ੍ਰੋਗਰਾਮ ਬਣਾਇਆ ਸੀ ਤਾਂ ਲਖਵਿੰਦਰ ਕੌਰ ਗਰਚਾ ਨੇ 10 ਸੂਮੋ ਵੱਡੀਆਂ ਭਰ ਕੇ ਚੰਡੀਗੜ੍ਹ ਪੁੱਜਣ ਲਈ ਕਿਹਾ। ਪਤਨੀ ਤੇ ਤਿੰਨ ਬੇਟੀਆਂ ਨੂੰ ਉਨ੍ਹਾਂ ਚਿੰਤਪੁਰਨੀ ਲਈ ਭੇਜ ਦਿੱਤਾ। ਕਰੀਬ ਅੱਧੇ ਘੰਟੇ ਬਾਅਦ ਫਿਲੌਰ ਤੋਂ ਥਾਣੇਦਾਰ ਦਾ ਫੋਨ ਆਇਆ ਕਿ ਹਾਦਸਾ ਹੋ ਗਿਆ ਤੇ ਪਤਨੀ ਦਾ ਦਿਹਾਂਤ ਹੋ ਗਿਆ ਹੈ। ਉਹ ਦਿਨ ਦੁੱਖਾਂ ਦੀ ਇੰਤਹਾ ਸੀ।
ਪ੍ਰਸ਼ਾਂਤ ਕਿਸ਼ੋਰ ਦਾ ਟਿਕਟਾਂ ਦੀ ਵੰਡ ‘ਚ ਕੋਈ ਰੋਲ ਨਹੀਂ : ਅਮਰਿੰਦਰ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀਆਂ ਟਿਕਟਾਂ ਬਾਰੇ ਫ਼ੈਸਲਾ ਲੈਣ ਵਿਚ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸੁਆਲ ਹੀ ਪੈਦਾ ਨਹੀਂ ਹੁੰਦਾ ਕਿ ਪ੍ਰਸ਼ਾਂਤ ਕਿਸ਼ੋਰ ਟਿਕਟਾਂ ਦੀ ਵੰਡ ਵਿਚ ਕੋਈ ਫ਼ੈਸਲਾ ਲਵੇ। ਚੇਤੇ ਰਹੇ ਕਿ ਪੰਜਾਬ ਕਾਂਗਰਸ ਵਿਚ ਇਸ ਗੱਲ ਨੂੰ ਲੈ ਕੇ ਘੁਸਰ-ਮੁਸਰ ਹੋ ਰਹੀ ਸੀ ਕਿ ਪ੍ਰਸ਼ਾਂਤ ਕਿਸ਼ੋਰ ਹੀ ਟਿਕਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਵੇਗਾ। ਮੁੱਖ ਮੰਤਰੀ ਨੇ ਇਨ੍ਹਾਂ ਰਿਪੋਰਟਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦਾ ਇਸ ਮਾਮਲੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਈਕਮਾਨ ਵੱਲੋਂ ਚੋਣ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜੋ ਸਾਰੇ ਨਾਵਾਂ ‘ਤੇ ਵਿਚਾਰ ਕਰਦੀ ਹੈ ਤੇ ਉਮੀਦਵਾਰਾਂ ਬਾਰੇ ਆਖ਼ਰੀ ਫ਼ੈਸਲਾ ਲੈਂਦੀ ਹੈ। ਨਾਵਾਂ ਦੀ ਆਖ਼ਰੀ ਸੂਚੀ ਸਕਰੀਨਿੰਗ ਕਮੇਟੀ ਨੂੰ ਭੇਜੀ ਜਾਂਦੀ ਹੈ। ਕੈਪਟਨ ਨੇ ਕਿਹਾ ਕਿ ਟਿਕਟਾਂ ਦੀ ਵੰਡ ਵਿਚ ਕੋਈ ਵਿਅਕਤੀਗਤ ਫ਼ੈਸਲਾ ਨਹੀਂ ਹੁੰਦਾ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …