
ਕੰਗਨਾ ਨੇ ਕਿਸਾਨੀ ਸ਼ੰਘਰਸ਼ ਨੂੰ ਲੈ ਕੇ ਬਜ਼ੁਰਗ ਮਾਤਾ ‘ਤੇ ਕੀਤੀ ਸੀ ਟਿੱਪਣੀ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਅਦਾਕਾਰਾ ਕੰਗਣਾ ਰਨੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਸਾਨਾਂ ਵਿਰੁੱਧ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਬਿਨਾ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਦੱਸਿਆ ਕਿ ਅਸੀਂ ਕੰਗਣਾ ਰਨੌਤ ਨੂੰ ਇਸ ਕਰਕੇ ਨੋਟਿਸ ਭੇਜਿਆ ਹੈ ਕਿਉਂਕਿ ਉਸ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਬਜ਼ੁਰਗ ਮਾਤਾ ‘ਤੇ ਅਪਮਾਨਜਨਕ ਟਿੱਪਣੀ ਕੀਤੀ ਹੈ। ਕੰਗਣਾ ਰਨੌਤ ਨੂੰ ਆਪਣੀ ਗਲਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਧਿਆਨ ਰਹੇ ਕਿ ਕੰਗਣਾ ਰਨੌਤ ਨੇ ਬਠਿੰਡਾ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਮਹਿੰਦਰ ਕੌਰ ‘ਤੇ ਟਿਪਣੀ ਕੀਤੀ ਸੀ। ਕੰਗਣਾ ਨੇ ਮਾਤਾ ਮਹਿੰਦਰ ਕੌਰ ਦੀ ਕਿਸਾਨਾਂ ਦੇ ਅੰਦੋਲਨ ਵਿਚ ਸ਼ਮੂਲੀਅਤ ਵਾਲੀ ਫੋਟੋ ਟਵੀਟ ਕਰਕੇ ਲਿਖਿਆ ਸੀ ਕਿ ਅਜਿਹੀਆਂ ਮਹਿਲਾਵਾਂ 100-100 ਰੁਪਏ ਵਿਚ ਧਰਨਿਆ ਲਈ ਮਿਲ ਜਾਂਦੀਆਂ ਹਨ। ਕੰਗਣਾ ਦੀ ਇਸ ਟਿੱਪਣੀ ਦਾ ਵੱਡੀ ਪੱਧਰ ‘ਤੇ ਵਿਰੋਧ ਹੋ ਰਿਹਾ ਹੈ। ਕੰਗਨਾ ਨੇ ਲੰਘੇ ਕੱਲ੍ਹ ਦਲਜੀਤ ਦੋਸਾਂਝ ਨੂੰ ਵੀ ਬੁਰਾ-ਭਲਾ ਕਹਿ ਦਿੱਤਾ ਸੀ।