
ਪਤਨੀ, ਪੁੱਤਰ, ਨੂੰਹ ਤੇ ਪੋਤੇ ਦਾ ਬੇਰਹਿਮੀ ਨਾਲ ਕਤਲ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਮਯੂਰ ਵਿਹਾਰ ਇਲਾਕੇ ‘ਚ ਇਕ ਵਿਅਕਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ, ਪੁੱਤਰ, ਨੂੰਹ ਤੇ 13 ਸਾਲਾਂ ਦੇ ਪੋਤੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਰਿਵਾਰ ਦੇ ਮੁਖੀ ਨੇ ਹੀ ਚਾਰੋ ਕਤਲ ਕੀਤੇ ਹਨ। ਪੂਰੇ ਟੱਬਰ ਦਾ ਕਤਲ ਕਰਨ ਬਾਅਦ ਘਰ ਦਾ ਮੁਖੀ ਰਾਜੀਵ ਸ਼ੱਕੀ ਹਾਲਤ ਵਿਚ ਘਰੋਂ ਗਾਇਬ ਹੈ। ਘਟਨਾ ਦੀ ਜਾਣਕਾਰੀ ਰਾਜੀਵ ਦੇ ਕੁੜਮ ਨੇ ਪੁਲਿਸ ਨੂੰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਰਾਜੀਵ ਦੇ ਕੁੜਮ ਨੇ ਆਪਣੀ ਬੇਟੀ ਨਾਲ ਕੋਈ ਗੱਲ ਕਰਨ ਲਈ ਉਸ ਨੂੰ ਫੋਨ ਕੀਤਾ ਤਾਂ ਵਾਰ ਵਾਰ ਫੋਨ ਕਰਨ ‘ਤੇ ਵੀ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਹ ਖੁਦ ਹੀ ਧੀ ਦੇ ਘਰ ਜਾ ਪਹੁੰਚਿਆ ਤਾਂ ਇਸ ਘਟਨਾ ਦਾ ਪਤਾ ਲੱਗਾ। ਪੁਲਿਸ ਵੱਲੋਂ ਫੋਰੈਂਸਿਕ ਟੀਮ ਦੀ ਮਦਦ ਨਾਲ਼ ਘਟਨਾ ਦੀ ਬਾਰੀਕੀ ਨਾਲ਼ ਜਾਂਚ ਪੜਤਾਲ ਕੀਤੀ ਜਾ ਰਹੀ ਹੈ।