Breaking News
Home / ਪੰਜਾਬ / ਸਿੱਧੂ ਨੇ ਕਿਸਾਨੀ ਅਤੇ ਜਵਾਨੀ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ

ਸਿੱਧੂ ਨੇ ਕਿਸਾਨੀ ਅਤੇ ਜਵਾਨੀ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ

ਬੋਲੇ – ਖੇਤੀ ਢਾਂਚੇ ਨੂੰ ਤਹਿਸ-ਨਹਿਸ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ
ਅੰਮ੍ਰਿਤਸਰ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਨੇ ਲੰਮੇ ਸਮੇਂ ਮਗਰੋਂ ਅੰਮ੍ਰਿਤਸਰ ‘ਚ ਇਕ ਜਨਤਕ ਸਮਾਗਮ ਵਿਚ ਖੁੱਲ੍ਹੇ ਦਿਲ ਨਾਲ ਸੰਬੋਧਨ ਕਰਦਿਆਂ ਜਵਾਨੀ ਤੇ ਕਿਸਾਨੀ ਨੂੰ ਇਕਜੁੱਟ ਹੋ ਕੇ ਕਿਸਾਨ ਸੰਘਰਸ਼ ਵਿਚ ਨਿੱਤਰਣ ਦਾ ਸੱਦਾ ਦਿੱਤਾ ਤਾਂ ਜੋ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਾਏ ਜਾ ਸਕਣ। ਦੱਸਣਯੋਗ ਹੈ ਕਿ ਸਿੱਧੂ ਵੱਲੋਂ ਵਿਧਾਨ ਸਭਾ ਹਲਕੇ ਹੇਠ ਆਉਂਦੇ ਚਮਰੰਗ ਰੋਡ ‘ਤੇ ਲੋੜਵੰਦਾਂ ਨੂੰ ਕੰਬਲ ਵੰਡਣ ਲਈ ਇਕ ਸਮਾਗਮ ਰੱਖਿਆ ਗਿਆ, ਜਿਸ ਨੂੰ ਉਨ੍ਹਾਂ ਸੰਬੋਧਨ ਕੀਤਾ। ਸਿੱਧੂ ਦਾ ਭਾਸ਼ਣ ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ‘ਤੇ ਹੀ ਕੇਂਦਰਿਤ ਰਿਹਾ ਅਤੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਢਾਂਚੇ ਨੂੰ ਤਹਿਸ-ਨਹਿਸ ਕਰਨਾ ਚਾਹੁੰਦੀ ਹੈ।
ਇਸ ਦੌਰਾਨ ਉਨ੍ਹਾਂ ਪੰਜਾਬ ਵਿਧਾਨ ਸਭਾ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਕਾਰਵਾਈ ਲਈ ਜਿਥੇ ਪੰਜਾਬ ਸਰਕਾਰ ਅਤੇ ਵਿਧਾਨ ਸਭਾ ਦੀ ਸ਼ਲਾਘਾ ਕੀਤੀ ਉਥੇ ਹੀ ਸੁਚੇਤ ਕਰਦਿਆਂ ਆਖਿਆ ਜੇਕਰ ਇਸ ਦਿਸ਼ਾ ਵਿਚ ਹੋਰ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਵਿਧਾਨ ਸਭਾ ਵਿਚ ਕੀਤੀ ਕਾਰਵਾਈ ਵੀ ਸਿਰਫ ਦਿਖਾਵਾ ਮਾਤਰ ਬਣ ਕੇ ਰਹਿ ਜਾਵੇਗੀ। ਇਸ ਮਾਮਲੇ ਵਿਚ ਉਨ੍ਹਾਂ ਹੋਰ ਵੀ ਵੱਡੇ ਯਤਨ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਬਜ਼ੁਰਗਾਂ ਦੇ ਵੇਲੇ ਤੋਂ ਬਣਿਆ ਮੰਡੀ ਢਾਂਚਾ ਅਤੇ ਖੇਤੀ ਪ੍ਰਣਾਲੀ ਨੂੰ ਤਹਿਸ-ਨਹਿਸ ਕਰਨਾ ਚਾਹੁੰਦੀ ਹੈ ਤੇ ਕਿਸਾਨਾਂ ਕੋਲੋਂ ਖੇਤੀ ਖੋਹ ਕੇ ਪੂੰਜੀਪਤੀਆਂ ਦੇ ਹੱਥ ਸੌਂਪਣਾ ਚਾਹੁੰਦੀ ਹੈ। ਜੀਐੱਸਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਨੇ ਪਹਿਲਾਂ ਵਪਾਰੀ ਵਰਗ ਦਾ ਨੁਕਸਾਨ ਕੀਤਾ ਸੀ ਅਤੇ ਹੁਣ ਕਿਸਾਨ ਵਿਰੋਧੀ ਕਾਨੂੰਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਦਾ ਯਤਨ ਕੀਤਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ‘ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਦੀ ਮੰਗ ਕਰ ਰਿਹਾ ਹੈ। ਕੀ ਸਰਕਾਰੀ ਮੰਡੀ ਐਲਾਨਣ ਮਗਰੋਂ ਫ਼ਸਲਾਂ ਦੀ ਸਰਕਾਰੀ ਖਰੀਦ ਹੋ ਸਕੇਗੀ? ਇਸ ਵੇਲੇ ਜ਼ਰੂਰੀ ਹੈ ਕਿ ਸਰਕਾਰੀ ਖਰੀਦ ਪ੍ਰਣਾਲੀ ਨੂੰ ਬਹਾਲ ਰੱਖਿਆ ਜਾਵੇ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …