ਸੁਖਪਾਲ ਸਿੰਘ ਗਿੱਲ
98781-11445
ਸਾਡੇ ਪਿੰਡ ਸਾਡੇ ਖੇਤਾਂ ਦੇ ਸਿਰ ‘ਤੇ ਆਪਣਾ ਸੱਭਿਆਚਾਰ ਸਿਰਜਦੇ ਹਨ। ਪਿੰਡਾਂ ਅਤੇ ਖੇਤਾਂ ਦਾ ਜਿਸਮ ਅਤੇ ਰੂਹ ਵਾਲਾ ਸੁਮੇਲ ਹੈ। ਸਵੇਰੇ ਚਾਟੀ ਵਿੱਚ ਮਧਾਣੀ ਪਾਉਣ ਤੋਂ ਆਥਣੇ ਵਾਣ ਵਾਲੇ ਮੰਜੇ ‘ਤੇ ਸੌਣ ਤੱਕ ਖੇਤੀ ਦਾ ਧੰਦਾ ਸਬਰ ਨਾਲ ਭਰਿਆ ਪਿਆ ਹੈ । ਜੇ ਕੁਦਰਤ ਦੀ ਮਾਰ ਤੋਂ ਸਬਰ ਦਾ ਬੰਨ ਟੁੱਟ ਜਾਵੇ ਤਾਂ ਖੁਦਕੁਸ਼ੀਆਂ ਸਮੇਤ ਕਈ ਤਰ੍ਹਾਂ ਦੀਆਂ ਅਲਾਮਤਾਂ ਪੈਦਾ ਹੋ ਜਾਂਦੀਆਂ ਹਨ, ਜੋ ਕਿ ਹੋ ਵੀ ਰਹੀਆਂ ਹਨ। ਬਾਕੀ ਕਿੱਤਿਆਂ ਮੁਤਾਬਕ ਪਰਖ ਪੜਚੋਲ ਕਰਕੇ ਦੇਖਿਆ ਜਾਵੇ ਤਾਂ ਖੇਤੀ ਦਾ ਧੰਦਾ ਵੀ ਸਬਰ ਦੇ ਬੰਨ ਅਧੀਨ ਹੈ ।
ਸਬਰ ਅਤੇ ਖੇਤੀ ਇੱਕ ਸਿੱਕੇ ਦੇ ਦੋ ਪਹਿਲੂ ਹਨ। ਖੇਤੀ ਕਰਨ ਵਾਲਾ ਇਕੱਲਾ ਕਿਸਾਨ ਹੀ ਨਹੀਂ ਬਲਕਿ ਸਾਰਾ ਟੱਬਰ ਸਬਰ ਦੇ ਸਲੀਕੇ ਵਿੱਚ ਬੰਨਿਆ ਰਹਿੰਦਾ ਹੈ। ਇੱਕ ਮੈਂਬਰ ਵੀ ਸਬਰ ਤੋਂ ਬਾਹਰ ਗਿਆ ਤਾਂ ਘਰੇਲੂ ਮਾਹੌਲ ਖਰਾਬ ਹੋ ਜਾਂਦਾ ਹੈ। ਗਾਣਿਆਂ ਵਿੱਚ ਮਿਸਾਲ ਵੀ ਮਿਲਦੀ ਹੈ ‘ਖੇਤਾਂ ਵਿੱਚ ਜੱਟ ਰੁਲਦਾ ਚੁੱਲ੍ਹੇ ਮੂਹਰੇ ਰੁਲਦੀ ਰਕਾਨ’ ਫੋਕੀ ਸ਼ੋਹਰਤ ਅਤੇ ਕੁਝ ਗਾਣਿਆਂ ਨੇ ਖੇਦੀ ਧੰਦੇ ਨੂੰ ਸਬਰ ਤੋਂ ਬੇਸਬਰ ਵੱਲ ਤੋਰ ਕੇ ਪਵਿੱਤਰਤਾ ਨੂੰ ਹਾਸ਼ੀਏ ਵੱਲ ਕੀਤਾ ਹੈ।
ਮੌਸਮਾਂ ਦੇ ਬਦਲੇ ਮਿਜ਼ਾਜ ਨਾਲ ਖੇਤੀ ਕਰਨ ਵਾਲਾ ਮਾਣ ਮਹਿਸੂਸ ਕਰਦਾ ਸੀ। ਇੱਥੋਂ ਤੱਕ ਮੌਸਮ ਦਾ ਮੁਕਾਬਲਾ ਕਰਨ ਲਈ ਉਤਾਵਲਾ ਰਹਿੰਦਾ ਸੀ। ਭਾਦੋਂ ਦੇ ਮਹੀਨੇ ਵਿੱਚ ਜੱਟ ਦੇ ਸਬਰ ਦਾ ਸਿਖਰ ਹੁੰਦਾ ਸੀ। ਇਸੇ ਲਈ ਕਹਾਵਤ ਵੀ ਜੁੜੀ ਹੈ ਕਿ ਜੱਟ ਭਾਦੋਂ ਵਿੱਚ ਸਾਧ ਹੋ ਗਿਆ ਸੀ। ਮੰਡੀਆਂ ਵਿੱਚ ਅਤੇ ਮੌਸਮਾਂ ਵਿੱਚ ਧੱਕੇ ਖਾਣਾ ਜੱਟ ਦੀ ਆਦਤ ਹੀ ਬਣ ਗਈ ਹੈ। ਆਪਣੇ ਇਸ ਪਵਿੱਤਰ ਕਿੱਤੇ ਵਿੱਚੋਂ ਸਬਰ ਵਿੱਚ ਰਹਿਣਾ ਹੀ ਕਿਸਾਨ ਨੂੰ ਦਾਤੇ ਦਾ ਖਿਤਾਬ ਦਿਵਾਉਂਦਾ ਹੈ।
ਜਿਊਣ ਲਈ ਕਿੱਤਾ ਜ਼ਰੂਰੀ ਹੈ। ਪਰ ਲਹੂ ਭਿੱਜੀ ਦਾਸਤਾਨ ਸਿਰਫ ਖੇਤੀ ਧੰਦੇ ਦੀ ਹੈ ਉੱਤੋਂ ਮਜਬੂਰੀ ਬਸ ਸਬਰ ਸਿੱਖਣਾ ਇਸ ਦੇ ਰਗ-ਰਗ ਵਿੱਚ ਵਸ ਚੁੱਕਿਆ ਹੈ। ਕੁਦਰਤ ਅਤੇ ਸਰਕਾਰ ਇਸ ਕਿੱਤੇ ਨੂੰ ਸਬਰ ਵਿੱਚ ਰਹਿਣਾ ਸਿਖਾਉਂਦੀਆਂ ਹਨ। ਨਵੇਂ ਰਾਹਾਂ ਦੇ ਨਵੇਂ ਪਾਂਧੀ ਬਣਨ ਨਾਲ ਵੀ ਖੇਤੀ ਧੰਦਾ ਸਬਰ ਦਾ ਨੱਕਾ ਨਹੀਂ ਮੋੜ ਸਕਿਆ।
ਮੰਡੀਕਰਨ, ਖੁਦਕੁਸ਼ੀਆਂ, ਹੱਡ ਭੰਨਵੀਂ ਮਿਹਨਤ, ਲਾਗਤ ਨਾਲੋਂ ਘੱਟ ਆਮਦਨ ਇਸ ਕਿੱਤੇ ਦੀ ਸੰਘੀ ਘੁੱਟ ਕੇ ਰੱਖਦੀਆਂ ਹਨ ।
ਰੂੜ੍ਹੀਵਾਦੀ ਅਤੇ ਬੇਵਸ ਹੋ ਕੇ ਜਿਹੜੇ ਇਸ ਧੰਦੇ ਨਾਲ ਜੁੜੇ ਹੋਏ ਸਬਰ ਦੇ ਬੰਨ ਅਧੀਨ ਰਹਿੰਦੇ ਹਨ। ਉਹ ਦੋ ਡੰਗ ਦੀ ਰੋਟੀ ਤੋਂ ਅੱਗੇ ਨਹੀਂ ਜਾ ਸਕੇ। ਸਰਕਾਰੀ ਪੱਖ ਤੋਂ ਸਵਾਮੀਨਾਥਨ, ਫਸਲੀ ਵਿਭਿੰਨਤਾ ਅਤੇ ਬੀਮੇ ਦੀ ਯੋਜਨਾ ਸਾਰਥਿਕਤਾ ਨਹੀਂ ਦਿਖਾ ਸਕੇ।
ਜੇ ਸਬਰ ਟੁੱਟ ਜਾਵੇ ਤਾਂ ਚੁਫੇਰੇ ਮਾਹੌਲ ਅਸ਼ਾਂਤਮਈ ਹੁੰਦਾ ਹੈ। ਜੇ ਸਬਰ ਅਧੀਨ ਰਵੇ ਤਾਂ ਦੋ ਡੰਗ ਦੀ ਰੋਟੀ ਤੱਕ ਸੀਮਤ ਰਹਿ ਕੇ ਸਮੇਂ ਦਾ ਹਾਣੀ ਨਹੀਂ ਬਣਿਆ ਜਾ ਸਕਦਾ। ਹੁਣ ਢੁੱਕਵਾਂ ਸਮਾਂ ਹੈ ਕਿ ਸਰਕਾਰ ਖੇਤੀ ਧੰਦੇ ਦੀ ਅਜਿਹੇ ਤਰੀਕੇ ਨਾਲ ਬਾਂਹ ਫੜੇ ਕਿ ਇਸ ਧੰਦੇ ਨਾਲ ਜੁੜੇ ਲੋਕ ਮਨ ਅਤੇ ਲੋੜ ਅਨੁਸਾਰ ਆਮਦਨ ਖਰਚ ਪੈਦਾ ਕਰ ਸਕਣ।
ਸ਼ੁਰੂ ਤੋਂ ਇਸ ਕਿੱਤੇ ਦਾ ਖੁਸਿਆ ਹੋਇਆ ਰੁਤਬਾ ਸਮੇਂ ਦਾ ਹਾਣੀ ਬਣ ਸਕੇ। ਇਸ ਨਾਲ ਹੀ ਖੇਤੀ ਧੰਦੇ ਦੇ ਸਬਰ ਦਾ ਬੰਨ ਵੱਢ ਕੇ ਅਜ਼ਾਦ ਹਾਲਾਤ ਪੈਦਾ ਕੀਤੇ ਜਾ ਸਕਣਗੇ। ਕਿਸਾਨ ਅਤੇ ਖੇਤੀ ਖੁਸ਼ਹਾਲ ਜੀਵਨ ਅਤੇ ਪਵਿੱਤਰਤਾ ਪੈਦਾ ਕਰ ਸਕਣਗੇ।
ੲੲੲ