
ਅਮਿਤਾਬ ਬਚਨ ਪਰਿਵਾਰ ਤੇ ਅਨੁਪਮ ਖੇਰ ਦਾ ਪਰਿਵਾਰ ਵੀ ਆਇਆ ਕਰੋਨਾ ਦੀ ਲਪੇਟ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਦੀ ਰਫਤਾਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਹ ਅੰਕੜਾ ਹੁਣ 9 ਲੱਖ ਵੱਲ ਨੂੰ ਵਧ ਗਿਆ ਹੈ। ਇਸ ਸਮੇਂ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 8 ਲੱਖ 82 ਹਜ਼ਾਰ ਤੱਕ ਅੱਪੜ ਚੁੱਕੀ ਹੈ ਤੇ ਜਿਸ ਤੇਜ਼ੀ ਨਾਲ ਭਾਰਤ ਵਿਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ, ਉਸ ਨੂੰ ਦੇਖਦਿਆਂ ਸਾਫ ਲੱਗ ਰਿਹਾ ਹੈ ਕਿ ਅਗਲੇ 10 ਤੋਂ 12 ਘੰਟਿਆਂ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਭਾਰਤ ਅੰਦਰ 9 ਲੱਖ ਨੂੰ ਪਾਰ ਕਰ ਜਾਵੇਗੀ।
ਇਸ ਦੌਰਾਨ ਰਾਹਤ ਦੀ ਗੱਲ ਇਹ ਵੀ ਹੈ ਕਿ ਸਾਢੇ 5 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋਏ ਹਨ। ਲੰਘੇ 24 ਘੰਟਿਆਂ ਦੌਰਾਨ ਭਾਰਤ ਵਿਚ 30 ਹਜ਼ਾਰ ਦੇ ਕਰੀਬ ਨਵੇਂ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ ਹੁਣ ਤੱਕ ਹੋਈਆਂ ਮੌਤਾਂ ਦਾ ਅੰਕੜਾ ਵੀ 23 ਹਜ਼ਾਰ 200 ਤੋਂ ਜ਼ਿਆਦਾ ਹੋ ਚੁੱਕਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਘੀ ਫਿਲਮੀ ਹਸਤੀ ਅਮਿਤਾਬ ਬਚਨ, ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬਚਨ, ਨੂੰਹ ਐਸ਼ਵਰਿਆ ਰਾਏ ਅਤੇ ਪੋਤੀ ਅਰਾਧਿਆ ਵੀ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਅਨੁਪਮ ਖੇਰ ਦੇ ਮਾਤਾ-ਪਿਤਾ ਸਣੇ 4 ਪਰਿਵਾਰਕ ਮੈਂਬਰ ਕਰੋਨਾ ‘ਚ ਘਿਰ ਚੁੱਕੇ ਹਨ।
ਉਧਰ ਦੂਜੇ ਪਾਸੇ ਸੰਸਾਰ ਵਿਚ ਵੀ ਕਰੋਨਾ ਪੀੜਤਾਂ ਦੀ ਗਿਣਤੀ 1 ਕਰੋੜ 31 ਲੱਖ ਤੋਂ ਪਾਰ ਹੋ ਗਈ ਅਤੇ 76 ਲੱਖ ਤੋਂ ਜ਼ਿਆਦਾ ਕਰੋਨਾ ਮਰੀਜ਼ ਤੰਦਰੁਸਤ ਵੀ ਹੋਏ ਹਨ। ਧਿਆਨ ਰਹੇ ਕਿ ਕਰੋਨਾ ਨਾਲ ਦੁਨੀਆ ਭਰ ਵਿਚ ਹੁਣ ਤੱਕ 5 ਲੱਖ 72 ਹਜ਼ਾਰ ਤੋਂ ਜ਼ਿਆਦਾ ਮੌਤਾਂ ਵੀ ਹੋ ਚੁੱਕੀਆਂ ਹਨ।