ਕੈਪਟਨ ਅਮਰਿੰਦਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਰਾਹਤ ਪੈਕੇਜ ਨੂੰ ਦੱਸਿਆ ਵੱਡਾ ਧੋਖਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਆਰਥਿਕ ਪੈਕੇਜ ਵਿੱਚੋਂ ਦਿੱਲੀ ਨੂੰ ਕੁਝ ਨਹੀਂ ਮਿਲਿਆ। ਕੇਜਰੀਵਾਲ ਕਿਹਾ ਕਿ ਕੇਂਦਰ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ ਪਰ ਇਸ ਵਿੱਚੋਂ ਦਿੱਲੀ ਸਰਕਾਰ ਨੂੰ ਸਿੱਧੇ ਤੌਰ ‘ਤੇ ਕੁਝ ਵੀ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਅਜਿਹੇ ਹੀ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰ ਸਰਕਾਰ ‘ਤੇ ਲਾ ਚੁੱਕੇ ਹਨ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਨੂੰ ਚਾਹੀਦਾ ਸੀ ਕਿ ਉਹ ਸੂਬਿਆਂ ਨੂੰ ਸਿੱਧਾ ਪੈਸਾ ਦਿੰਦਾ, ਜਿਸ ਨਾਲ ਸੂਬੇ ਆਪਣੇ ਹਾਲਾਤਾਂ ਨੂੰ ਕਾਬੂ ਵਿੱਚ ਰੱਖਦੇ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਸੰਕਟ ਸਮੇਂ ਉਨ੍ਹਾਂ ਨੂੰ ਕੇਂਦਰ ਤੋਂ ਟੈਸਟਿੰਗ ਕਿਟ, ਪੀਪੀਈ ਕਿਟ ਆਦਿ ਵਿੱਚ ਹੀ ਸਹਿਯੋਗ ਮਿਲਿਆ ਹੈ, ਜਦਕਿ ਆਰਥਿਕ ਪੱਖੋਂ ਉਨ੍ਹਾਂ ਨੂੰ ਕੋਈ ਵੀ ਸਿੱਧੀ ਮਦਦ ਕੇਂਦਰ ਸਰਕਾਰ ਤੋਂ ਨਹੀਂ ਮਿਲੀ ਹੈ।