ਲੰਬੀ/ਬਿਊਰੋ ਨਿਊਜ਼ : ਕਰੋਨਾ ਦੇ ਖੌਫ਼ ਨੇ ਪਰਿਵਾਰ ਲਈ ਉਨ੍ਹਾਂ ਦੇ ਜੰਮੇ-ਜਾਏ ਵੀ ਬਿਗਾਨੇ ਬਣਾ ਦਿੱਤੇ ਹਨ। ਆਨੰਦਪੁਰ ਸਾਹਿਬ ਤੋਂ ਪਰਤੇ ਨਿਹੰਗ ਨੌਜਵਾਨ ਨੂੰ ਉਸ ਦੇ ਜੱਦੀ ਪਿੰਡ ਫਤੂਹੀਵਾਲਾ ਦੀ ਜੂਹ ‘ਤੇ ਰੋਕ ਕੇ ਅੰਦਰ ਦਾਖਲ ਹੋਣੋਂ ਮਨ੍ਹਾ ਕਰ ਦਿੱਤਾ ਗਿਆ। ਪਿੰਡ ਦਾ 16 ਸਾਲਾ ਨਿਹੰਗ ਨੌਜਵਾਨ ਜਸ਼ਨਦੀਪ ਸਿੰਘ 9 ਮਾਰਚ ਨੂੰ ਆਨੰਦਪੁਰ ਗਿਆ ਸੀ ਅਤੇ ਉਥੋਂ 19 ਮਾਰਚ ਨੂੰ ਤਲਵੰਡੀ ਸਾਬੋ ਆ ਗਿਆ ਸੀ। ਉਹ ਪਿੰਡ ਪਰਤ ਆਇਆ। ਉਸ ਨੂੰ ਹਲਕਾ ਜ਼ੁਖਾਮ ਅਤੇ ਖਾਂਸੀ ਦੀ ਸ਼ਿਕਾਇਤ ਦੱਸੀ ਜਾਂਦੀ ਹੈ। ਪਿੰਡ ਨੂੰ ਕਰੋਨਾ ਦੀ ਸ਼ੱਕੀ ਮਾਰ ਤੋਂ ਬਚਾਉਣ ਲਈ ਪੰਚਾਇਤ ਅਤੇ ਪਰਿਵਾਰਕ ਮੈਂਬਰ ਪਿੰਡ ਵਿੱਚ ਦਾਖਲ ਹੋਣ ਦੇਣ ਤੋਂ ਪਹਿਲਾਂ ਉਸ ਦੀ ਮੈਡੀਕਲ ਜਾਂਚ ਲਈ ਅੜੇ ਹੋਏ ਸਨ। ਸਰਪੰਚ ਮਨਦੀਪ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਲੈ ਕੇ ਪ੍ਰਸ਼ਾਸਨ ਦੇ ਹਰੇਕ ਪੱਧਰ ਤੱਕ ਨੌਜਵਾਨ ਦੀ ਹਾਲਤ ਸਬੰਧੀ ਸੰਪਰਕ ਕੀਤਾ। ਇਸ ਦੇ ਬਾਵਜੂਦ ਕਿਸੇ ਨੇ ਉੱਕਾ ਹੀ ਗੱਲ ਨਹੀਂ ਸੁਣੀ। ਸਿਹਤ ਵਿਭਾਗ ਲੰਬੀ ਨੇ ਇੱਕ ਏਐੱਨਐੱਮ ਭੇਜ ਕੇ ਮੈਡੀਕਲ ਜਾਂਚ ਦਾ ਬੁੱਤਾ ਸਾਰ ਦਿੱਤਾ। ਜਸ਼ਨਦੀਪ ਸਿੰਘ ਦੁਪਹਿਰ ਤਿੰਨ ਵਜੇ ਤੋਂ ਸ਼ਾਮ ਕਰੀਬ ਸੱਤ ਵਜੇ ਤੱਕ ਪਿੰਡ ਦੀ ਜੂਹ ‘ਤੇ ਬੈਠਾ ਰਿਹਾ। ਜਸ਼ਨਦੀਪ ਨੇ ਕਿਹਾ ਕਿ ਉਹ ਬਾਬਾ ਦਲ ਸਿੰਘ ਗਤਕਾ ਅਕੈਡਮੀ ਤਲਵੰਡੀ ਸਾਬੋ ਦੀ ਸ਼ਾਗਿਰਦ ਹੈ। ਉਸ ਦੀ ਜਾਂਚ ਸਰਕਾਰ ਕਰਵਾਈ ਜਾਵੇ ਪਰ ਦੁਪਹਿਰ ਤੋਂ ਅਜੇ ਤੱਕ ਕੋਈ ਡਾਕਟਰ ਨਹੀਂ ਆਇਆ। ਨਿਹੰਗ ਜਸ਼ਨਦੀਪ ਸਿੰਘ ਦੇ ਤਾਇਆ ਰੂਪ ਸਿੰਘ ਅਤੇ ਸਕੇ ਭਰਾ ਨੇ ਕਿਹਾ ਕਿ ਜਸ਼ਨਦੀਪ ਸਿੰਘ ਦੀ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ। ਸਿਹਤ ਵਿਭਾਗ ਦੀ ਏਐੱਨਐੱਮ ਵੀਰਪਾਲ ਕੌਰ ਨੇ ਕਿਹਾ ਕਿ ਜਸ਼ਨਦੀਪ ਸਿੰਘ ਦੀ ਮੁੱਢਲੀ ਜਾਂਚ ਨਾਰਮਲ ਹੈ। ਉਸ ਨੂੰ ਇਕਾਂਤਵਾਸ ‘ਚ ਰੱਖਣ ਲਈ ਆਖਿਆ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਐੱਮਕੇ ਅਰਵਿੰਦ ਨੇ ਕਿਹਾ ਕਿ ਨੌਜਵਾਨ ਦੀ ਮੈਡੀਕਲ ਜਾਂਚ ਲਈ ਸਿਵਲ ਸਰਜਨ ਦੀ ਡਿਊਟੀ ਲਗਾ ਦਿੱਤੀ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …