Breaking News
Home / ਮੁੱਖ ਲੇਖ / ਕਰਤਾਰਪੁਰ ਲਾਂਘਾ : ਰੂਹਾਨੀ ਅਜ਼ਮਤ ਬਰਕਰਾਰ ਰੱਖਣ ਦੀ ਲੋੜ

ਕਰਤਾਰਪੁਰ ਲਾਂਘਾ : ਰੂਹਾਨੀ ਅਜ਼ਮਤ ਬਰਕਰਾਰ ਰੱਖਣ ਦੀ ਲੋੜ

ਬੀਰ ਦਵਿੰਦਰ ਸਿੰਘ
ਜਦੋਂ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੇ ਖੁੱਲ੍ਹਣ ਦੀ ਆਸ ਬੱਝੀ ਹੈ, ਉਦੋਂ ਤੋਂ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ‘ਤੇ ਸੰਦੇਹ ਦੇ ਪਰਛਾਵੇਂ ਮੰਡਰਾ ਰਹੇ ਹਨ। ਇਹ ਠੀਕ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਬਿਨਾਂ ਕਿਸੇ ਵੱਡੀ ਰੋਕ-ਟੋਕ ਦੇ ਸਿੱਖ ਸ਼ਰਧਾਲੂਆਂ ਲਈ ਖੋਲ੍ਹਣ ਦੇ ਪਹਿਲੇ ਪੁਖਤਾ ਸੰਕੇਤ ਤਾਂ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਸਮਾਗਮ ਵਿਚੋਂ ਹੀ ਮਿਲੇ ਸਨ। ਇਹ ਮਹਿਜ਼ ਇਕ ਇਤਫ਼ਾਕ ਹੀ ਸੀ ਕਿ ਅਜਿਹੀ ਸ਼ੁਭ ਖ਼ਬਰ ਸਭ ਤੋਂ ਪਹਿਲਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਮੁਖਾਰਬਿੰਦ ‘ਚੋਂ ਸੁਣਨ ਨੂੰ ਮਿਲੀ ਜਿਸ ਨੂੰ ਸੁਣਦਿਆਂ ਹੀ ਖ਼ੁਸ਼ੀ ਵਿਚ ਖੀਵੇ ਹੋਏ ਉਸ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਪੰਜਾਬ ਦੇ ਵਜ਼ੀਰ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਨਰਲ ਬਾਜਵਾ ਨੂੰ ਗਲਵੱਕੜੀ ਪਾ ਲਈ। ਨਵਜੋਤ ਸਿੰਘ ਸਿੱਧੂ ਦੀ ਉਲਾਰ ਗਲਵੱਕੜੀ ਭਾਵੇਂ ਇਕ ਮੌਕਾ-ਮੇਲ ਵਿਚੋਂ ਉਪਜੀ ਰੁਮਾਂਚਕ ਤਰੰਗ ਹੀ ਸੀ ਜੋ ਸ਼ਿਸਟਾਚਾਰ ਵਜੋਂ ਉਸ ਮੌਕੇ ‘ਤੇ ਪੂਰੀ ਤਰ੍ਹਾਂ ਵਾਜਬ ਸੀ ਕਿਉਂਕਿ ਜਨਰਲ ਕਮਰ ਜਾਵੇਦ ਬਾਜਵਾ ਨਵਜੋਤ ਸਿੰਘ ਸਿੱਧੂ ਨੂੰ ਮੁਖ਼ਾਤਿਬ ਹੋ ਕੇ ਹੀ ਇਸ ‘ਟੁੰਬਣਸ਼ੀਲ’ ਸ਼ੁਭ ਖ਼ਬਰ ਨੂੰ ਸੰਚਾਰਿਤ ਕਰ ਰਹੇ ਸਨ, ਇਸ ਲਈ ਨਵਜੋਤ ਸਿੰਘ ਸਿੱਧੂ ਦਾ ਇਕ ਸਿੱਖ ਹੋਣ ਦੇ ਨਾਤੇ ਉਸ ਮੌਕੇ ਭਾਵੁਕ ਹੋ ਜਾਣਾ ਕੁਦਰਤੀ ਵਰਤਾਰਾ ਸੀ।
ਬਦਕਿਸਮਤੀ ਨਾਲ ਭਾਰਤੀ ਮੀਡੀਆ ਅਤੇ ਰਾਜਨੀਤਕ ਸੰਕੀਰਨਤਾ ਨੇ ਇਸ ‘ਸ਼ੁਭ ਖ਼ਬਰ’ ਨੂੰ ਸਹੀ ਪਰਿਪੇਖ ਵਿਚ ਲੈਣ ਦੀ ਬਜਾਏ ਇਕ ਇਨਕਾਰੀ ਅਸਵੀਕ੍ਰਿਤੀ ਦੇ ਰੂਪ ਵਿਚ ‘ਸ਼ੁਭ ਖ਼ਬਰ’ ਦੇ ਰੂਹਾਨੀ ਪੱਖ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ‘ਗਲਵੱਕੜੀ’ ਨੂੰ ਹੀ ਇਕ ਘ੍ਰਿਣਾਯੋਗ ਕੇਂਦਰ ਬਿੰਦੂ ਬਣਾ ਕੇ ਇਸ ਸਾਰੇ ਮੰਜ਼ਰ ਨੂੰ ਸੰਕੀਰਨਤਾ ਦਾ ਗ੍ਰਹਿਣ ਲਾ ਕੇ ਬਦਰੰਗ ਕਰਨ ਦਾ ਉਪਰਾਲਾ ਕੀਤਾ।
ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਹੁਣ ਨੇੜੇ ਆ ਰਿਹਾ ਹੈ। ਇਸ ਪੁਰਬ ਦੀ ਆਭਾ ਤੇ ਮਰਿਆਦਾ ਦੇ ਮੱਦੇਨਜ਼ਰ ਕੁਝ ਜ਼ਰੂਰੀ ਨੁਕਤੇ ਇਸ ਨਿਬੰਧ ਰਾਹੀਂ ਦੋਵਾਂ ਰਾਸ਼ਟਰਾਂ, ਭਾਵ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਦ੍ਰਿਸ਼ਟੀਗੋਚਰ ਕਰਨਾ ਜ਼ਰੂਰੀ ਸਮਝਦਾ ਹਾਂ। ਸਿੱਖ ਸੰਗਤ ਦੀ ਗਿਣਤੀ ਅੱਜ ਢਾਈ ਕਰੋੜ ਦੇ ਕਰੀਬ ਬਣਦੀ ਹੈ ਜਦ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਕੁੱਲ ਸੰਸਾਰ ਵਿਚ ਗਿਣਤੀ ਦਸ ਕਰੋੜ ਦੇ ਲਗਪਗ ਹੈ। ਕੁੱਲ ਸੰਸਾਰ ਵਿਚ ਵੱਸਦੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲੇਵਾ ਦੋਵਾਂ ਸਰਕਾਰਾਂ ਦੇ ਸ਼ੁਕਰਗੁਜ਼ਾਰ ਹਨ ਕਿ ਰੋਜ਼ਾਨਾ ਪਸਰ ਰਹੀਆਂ ਕੁੜੱਤਣਾਂ ਅਤੇ ਬਾਹਮੀ ਅਵਾਜ਼ਾਰੀਆਂ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਅਵਸਰ ‘ਤੇ ਖੋਲ੍ਹਣ ਦੀ ਆਪਸੀ ਰਜ਼ਾਮੰਦੀ ਤੇ ਕੁਝ ਦੁਸ਼ਵਾਰੀਆਂ ਦੇ ਬਾਵਜੂਦ ਦੋਵੇਂ ਧਿਰਾਂ ਪਹਿਰਾ ਦੇ ਰਹੀਆਂ ਹਨ ਤੇ ਹੁਣ ਇਸ ਉਮੀਦ ਦੇ ਬਰ ਆਵਣ ਦਾ ਵੇਲਾ ਹੈ ਕਿ ਗੁਰੂ ਨਾਨਕ ਦੇ ਘਰ ਦਾ ਬੂਹਾ ਸਿੱਖ-ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਹਰ ਸੂਰਤ ਵਿਚ ਖੁੱਲ੍ਹ ਹੀ ਜਾਵੇਗਾ। ਸਿੱਖ ਕੌਮ ਇਹ ਵੀ ਚਾਹੁੰਦੀ ਹੈ ਕਿ ਕਰਤਾਰਪੁਰ ਸਾਹਿਬ ਦੇ ਕਰਤਾਰੀ ਲਾਂਘੇ ਨੂੰ ਹਕੂਮਤੀ ਪੇਚੀਦਗੀਆਂ ਦੀ ਪੁੱਠ ਚੜ੍ਹਾ ਕੇ ਇਕ ਹੋਰ ‘ਵਾਹਗਾ’ ਸਰਹੱਦ ਨਾ ਬਣਾਇਆ ਜਾਵੇ।
ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀਆਂ ਦੇਸ਼ ਦੇ ਖ਼ੂਨੀ ਬਟਵਾਰੇ ਤੋਂ ਬਾਅਦ, ਸਿੱਖ ਪੰਥ ਤੋਂ ਵਿਛੋੜੇ ਗਏ ਪਵਿੱਤਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਸਿਕ ਨੂੰ ਲੈ ਕੇ ਸ਼ੁਰੂ ਹੋਈਆਂ ਜੋਦੜੀਆਂ ਤੇ ਅਰਦਾਸਾਂ ਦੇ ਮਨਜ਼ੂਰ ਥੀਵਣ ਦਾ ਵਕਤ ਆ ਗਿਆ ਹੈ। ਅਤੀਤ ਦੇ ਪਰਛਾਵੇਂ ਸਿੱਖ ਸੰਗਤਾਂ ਦੇ ਮਨਾਂ ਵਿਚ ਇਕ ਸਹਿਮ ਜਿਹਾ ਪੈਦਾ ਕਰ ਰਹੇ ਹਨ ਕਿ ਕਿਤੇ ਕੁਝ ਅਜਿਹਾ ਨਾ ਵਾਪਰ ਜਾਵੇ ਕਿ ਕਰਤਾਰਪੁਰ ਸਾਹਿਬ ਨੂੰ ਜਾਂਦਾ ਇਹ ਲਾਂਘਾ ਇਕ ਹੋਰ ਵਾਹਗਾ ਸਰਹੱਦ ਬਣ ਜਾਵੇ। ਡਰ ਲੱਗ ਰਿਹਾ ਹੈ ਕਿ ਕਿਤੇ ਗੁਰੂ ਨਾਨਕ ਦੇ ਗਿਰਾਂ ਦੇ ਪੁਰਨੂਰ ਸਵੇਰਿਆਂ ਤੇ ਪੁਰਸਕੂਨ ਤ੍ਰਿਕਾਲਾਂ ਵਿਚ ਭਾਰਤ ਦੀ ਬੀਐੱਸਐੱਫ ਅਤੇ ਪਾਕਿਸਤਾਨ ਦੇ ਰੇਂਜਰਾਂ ਦੇ ਬੂਟਾਂ ਦੀ ਧਮਕ ਵਿਘਨ ਨਾ ਪਾਵੇ। ਇਹੋ ਇਲਤਿਜਾ ਹੈ ਕਿ ਲਗਪਗ ਪੌਣੀ ਸਦੀ ਤੋਂ ਗੁਰੂ ਬਾਬੇ ਦੇ ਘਰ ਦੀ ਦੀਦ ਲਈ ਦੁਆਵਾਂ ਮੰਗਦੀਆਂ ਸਿੱਖ ਸੰਗਤਾਂ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀਆਂ ਅਦਾਵਤਾਂ ਦੀ ਪ੍ਰਦਰਸ਼ਨੀ ਨਾ ਹੋਵੇ। ਇਸ ਅਦੁੱਤੀ ਤੀਰਥ ਯਾਤਰਾ ਲਈ ਇਕ ਖ਼ਾਸ ਕਿਸਮ ਦੇ ਧੀਰਜਮਈ ਮਾਹੌਲ ਨੂੰ ਸਿਰਜਣ ਦੀ ਲੋੜ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਪਾਕਿਸਤਾਨ ਅਤੇ ਭਾਰਤ ਦੇ ਹੁਕਮਰਾਨਾਂ ਨੂੰ ਇਹ ਗੱਲ ਕਿੰਜ ਆਖੀ ਜਾਵੇ ਜਾਂ ਸਮਝਾਈ ਜਾਵੇ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ, ਉਨ੍ਹਾਂ ਦੇ ਜੀਵਨ ਦੇ ਬੇਹੱਦ ਵਿਲੱਖਣ ਪਲ ਹੋਣਗੇ ਜਦੋਂ ਉਹ ਗੁਰੂ ਨਾਨਕ ਸਾਹਿਬ ਦੀ ਅਸਰੀਰੀ ਅਜ਼ਮਤ ਦੇ ਸਨਮੁੱਖ ਹੋ ਕੇ ਇਕ ‘ਰੂਹਾਨੀ ਸੰਵਾਦ’ ਵਿਚ ਗਵਾਚੇ ਹੋਣਗੇ। ਇਹ ਪਲ ਹਰ ਗੁਰੂ ਨਾਨਕ ਨਾਮ ਲੇਵਾ ਦੀ ਹਯਾਤੀ ਦਾ ਇਕ ਅਹਿਮ-ਤਰੀਨ ਮੌਕਾ ਹੋਵੇਗਾ। ਜ਼ਿਕਰਯੋਗ ਹੈ ਕਿ ਜਦੋਂ ਕਰਤਾਰਪੁਰ ਸਾਹਿਬ ਸਾਡੇ ਲਈ ਇਕ ਰੂਹਾਨੀ ਖਿੱਚ ਦਾ ਮਰਕਜ਼ ਹੈ ਤਾਂ ਉਸ ਦੇ ਦਰਸ਼ਨ ਦੀਦਾਰਿਆਂ ਵੱਲ ਜਾਂਦੀ ਰੂਹਾਨੀ ਪਗਡੰਡੀ ਹਰ ਕਿਸਮ ਦੇ ਤਣਾਅ ਤੇ ਆਪਸੀ ਖਿੱਚੋਤਾਣ ਤੋਂ ਮੁਕਤ ਹੋਣੀ ਚਾਹੀਦੀ ਹੈ ਅਤੇ ਕਿੰਨਾ ਚੰਗਾ ਹੋਵੇ ਜੇ ਸਾਰਾ ਆਲਮ (ਦੋਵੇਂ ਪਾਸੇ) ਰੂਹਾਨੀ ਆਵੇਸ਼ ਵਿਚ ਓਤ-ਪੋਤ ਨਜ਼ਰ ਆਵੇ ਅਤੇ ਪੱਤੇ-ਪੱਤੇ ਵਿਚੋਂ ਗੁਰੂ ਨਾਨਕ ਸਾਹਿਬ ਦੀ ਮਿੱਠੀ ਬਾਣੀ ਤੇ ‘ਸ਼ਬਦ ਗੂੰਜ’ ਦੀਆਂ ਮਧੁਰ ਧੁਨਾਂ ਦੀ ਸ਼ੀਰਨੀ ਸਾਡੀਆਂ ਰੂਹਾਂ ਨੂੰ ਸਰਸ਼ਾਰ ਕਰੇ। ਲਿਹਾਜ਼ਾ ਸਾਰੀਆਂ ਰਾਜਨੀਤਕ ਧਿਰਾਂ ਨੂੰ ਪੁਰਜ਼ੋਰ ਗੁਜ਼ਾਰਿਸ਼ ਹੈ ਕਿ ਇਸ ਮਹਾਨ ਪਵਿੱਤਰ ਮੌਕੇ ‘ਤੇ ਆਪੋ-ਆਪਣੇ ਰਾਜਨੀਤਕ ਮੰਚ ਲਾ ਕੇ ਆਪਣੀ ਨਿੱਜੀ ਭੱਲ ਬਣਾਉਣ ਲਈ ਤੇ ਰਾਜਨੀਤਕ ਲਾਹੇ ਲੈਣ ਦੇ ਮਨਸ਼ਿਆਂ ਨਾਲ ਵਿਅੰਗਮਈ ਭਾਸ਼ਨਬਾਜ਼ੀ ਕਰਕੇ ਇਸ ਪਵਿੱਤਰ ਪੁਰਬ ਦੀ ਰੂਹਾਨੀਅਤ ਨੂੰ ਕਿਸੇ ਵੀ ਤਰ੍ਹਾਂ ਬੇਨੂਰ ਨਾ ਕੀਤਾ ਜਾਵੇ।
ਅਖ਼ਬਾਰਾਂ ਵਿਚ ਖ਼ਬਰਾਂ ਹਨ ਕਿ ਭਾਰਤ ਸਰਕਾਰ ਵੱਲੋਂ ਭਾਰਤ ਵਾਲੇ ਪਾਸੇ ਇਸ ਲਾਂਘੇ ਉੱਪਰ 300 ਫੁੱਟ ਦੀ ਉਚਾਈ ਵਾਲੀ ਇਕ ਫਲੈਗ-ਪੋਸਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਦੇ ਸਿਖ਼ਰ ‘ਤੇ ਭਾਰਤ ਦਾ ਕੌਮੀ ਝੰਡਾ ਤਿਰੰਗਾ ਲਹਿਰਾਏਗਾ। ਹੁਣ ਇਹ ਵੀ ਖ਼ਬਰ ਆਈ ਹੈ ਕਿ ਪਾਕਿਸਤਾਨ ਵੱਲੋਂ ਵੀ ਭਾਰਤ ਦੀ ਤਰਜ਼ ‘ਤੇ ਆਪਣੇ ਇਲਾਕੇ ਵਿਚ ਕਿਸੇ ਅਜਿਹੀ ਫਲੈਗ-ਪੋਸਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿੱਥੇ ਪਾਕਿਸਤਾਨ ਦਾ ਕੌਮੀ ਝੰਡਾ ਲਹਿਰਾਇਆ ਜਾਵੇਗਾ। ਇਸ ਤਰ੍ਹਾਂ ਦੇ ਰਾਸ਼ਟਰਵਾਦੀ ਰੁਝਾਨ ਰੂਹਾਨੀ ਸਥਾਨਾਂ ‘ਤੇ ਸ਼ੋਭਦੇ ਨਹੀਂ। ਜੇ ਅਜਿਹਾ ਕੁਝ ਹੁੰਦਾ ਹੈ ਤਾਂ ਦੋਵੇਂ ਤਰਫ਼ ਹਰ ਰੋਜ਼ ਸਵੇਰੇ ਝੰਡੇ ਦੇ ਚੜ੍ਹਾੳਣ ਅਤੇ ਹਰ ਸ਼ਾਮ ਨੂੰ ਉਤਾਰਨ ਦੀ ਰਸਮ ਤਾਂ ਫੇਰ ਲਾਜ਼ਮੀ ਹੀ ਹੋਵੇਗੀ। ਫੇਰ ਤਾਂ ਅਟਾਰੀ ਵਾਹਗਾ ਬਾਰਡਰ ਵਾਂਗ ਹੀ ਰੋਜ਼ਾਨਾ ਸ਼ਾਮ ਨੂੰ ਨਾਟਕੀ ਢੰਗ ਨਾਲ ਆਪੋ-ਆਪਣੇ ਗਰਬ ਗੁਮਾਨ ਦੀ ਨੁਮਾਇਸ਼ ਕਰਤਾਰਪੁਰ ਲਾਂਘੇ ਦੇ ਦੋਵੇਂ ਪਾਸੇ ਹੋਵੇਗੀ। ਭਾਰਤ ਦੀ ਬੀਐੱਸਐੱਫ ਅਤੇ ਪਾਕਿਸਤਾਨ ਦੇ ਰੇਂਜਰਾਂ ਦੇ ਬੂਟਾਂ ਦੇ ਖੜਾਕ, ਬਿਗਲਰਾਂ ਦੇ ਬਿਗਲ ਤੇ ਦੁਪਾਸੀ ਵੱਜਦੇ ਦਮਾਮਿਆਂ ਦੇ ਖੜਕਿਆਂ-ਦੜਕਿਆਂ ਨਾਲ ਤਾਂ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਦੀਆਂ ਪੁਰਨੂਰ ਫਿਜ਼ਾਵਾਂ ਵਿਚ ਖਲਲ ਪਵੇਗਾ। ਇਸ ਰੌਲੇ-ਰੱਪੇ ਦੀ ਥਾਂ ਉੱਥੇ ਗੁਰੂ ਨਾਨਕ ਦੇਵ ਜੀ ਦਾ ਸਰਬੱਤ ਦੇ ਭਲੇ ਲਈ ਦਿੱਤਾ ਗਿਆ ਸਰਬਵਿਆਪਕ ਉਪਦੇਸ਼ ਗੂੰਜਣਾ ਚਾਹੀਦਾ ਹੈ। ਅਜਿਹੇ ਵਰਤਾਰੇ ਪ੍ਰਕਾਸ਼ ਪੁਰਬ ਦੀ ਆਭਾ ਨੂੰ ਘਟਾਉਣ ਵਾਲੇ ਹੋਣਗੇ। ਦੋਵਾਂ ਹੀ ਰਾਸ਼ਟਰਾਂ ਨੂੰ ਇਸ ਸੱਚ ਦੀ ਹਕੀਕਤ ਨੂੰ ਸਮਝਣ ਦੀ ਲੋੜ ਹੈ ਕਿ ਸਿੱਖ ਸੰਗਤਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਦੈਵ ਕਾਲ ਲਈ ਖੋਲ੍ਹਣ ਦੀਆਂ ਅਰਦਾਸਾਂ ਤਾਂ ਬਾਬੇ ਨਾਨਕ ਦੀ ਦਹਿਲੀਜ਼ ‘ਤੇ ਸਿਰ ਝੁਕਾਉਣ ਲਈ ਕਰ ਰਹੀਆਂ ਸਨ ਨਾ ਕਿ ਇਸ ਸ਼ਰਧਾ ਵਿਚ ਗੜੁੱਚੇ ਇਸ ਸੱਚ-ਧਰਮ ਦੇ ਅਸਰੀਰੀ ਲਾਂਘੇ ਦੇ ਦੋਵੇਂ ਬੰਨੀ ਆਪਣੇ-ਆਪਣੇ ਝੰਡੇ ਝੁਲਾ ਕੇ ਆਪਣੀਆਂ- ਆਪਣੀਆਂ ਬਾਦਸ਼ਾਹਤਾਂ ਤੇ ਹਕੂਮਤਾਂ ਦੀ ਸਮਰੱਥਾ ਦੇ ਗ਼ਰੂਰ ਦੀ ਨੁਮਾਇਸ਼ ਕੀਤੀ ਜਾਵੇਗੀ। ਮੈਨੂੰ ਡਰ ਹੈ ਕਿ ਅਜਿਹੀ ਦੁਪਾਸੜ ਕਸ਼ਮਕਸ਼ ਕਿਸੇ ਦਿਨ ਆਸਥਾ ਅਤੇ ਵਿਸ਼ਵਾਸ ਦੇ ਕਰਤਾਰਪੁਰੀ ਲਾਂਘੇ ਨੂੰ ਕਿਸੇ ਅੰਤਰਰਾਸ਼ਟਰੀ ਖਿੱਚੋਤਾਣ ਦਾ ਖੇਤਰ ਨਾ ਬਣਾ ਦੇਵੇ। ਇਸ ਲਈ ਇਹ ਜ਼ਰੂਰੀ ਹੈ ਕਿ ਪਾਕਿਸਤਾਨ ਅਤੇ ਭਾਰਤ ਵੱਲੋਂ ਇਸ ਲਾਂਘੇ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹਣ ਲਈ ਕੀਤੀਆਂ ਸ਼ਲਾਘਾਯੋਗ ਪਹਿਲ ਕਦਮੀਆਂ ਦੀ ਮਰਿਆਦਾ ਨੂੰ ਸਦਾ ਚੇਤੇ ਰੱਖਿਆ ਜਾਵੇ ਤੇ ਕੁਝ ਵੀ ਅਜਿਹਾ ਨਾ ਹੋਵੇ ਜੋ ਬਾਬੇ ਨਾਨਕ ਨੂੰ ਮਨਜ਼ੂਰ ਨਾ ਥੀਵੇ !
ਇਹ ਗੱਲ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਮਹਿਜ਼ ਫਲੈਗ-ਪੋਸਟ ਦੀ ਬੁਲੰਦੀ ਕਦੇ ਵੀ ਕੌਮਾਂ ਦੇ ਬੁਲੰਦ ਇਖ਼ਲਾਕ ਦੀ ਤਰਜ਼ਮਾਨ ਨਹੀਂ ਹੁੰਦੀ। ਜੇ ਸਾਡੇ ਆਪਿਆਂ ਵਿਚੋਂ ਨੈਤਿਕਤਾ ਦਾ ਸਹਿਜ, ਜ਼ਿੰਦਗੀ ਦਾ ਪੁਰਖਲੂਸ ਅਦਬ ਅਤੇ ਇਨਸਾਨੀ ਰਿਸ਼ਤਿਆਂ ਦੇ ਸਲੀਕਿਆਂ ਵਿਚੋਂ ਦਾਨਾਈ ਮਨਫ਼ੀ ਹੋ ਜਾਵੇ ਤਾਂ ਫੇਰ ਕੌਮੀ ਪਰਚਮ ਦੀ ਬੁਲੰਦੀ ਭਾਵੇਂ ਕਿਸੇ ਵੀ ਉਚਾਈ ਦੀ ਹੋਵੇ ਸਭ ਵਿਅਰਥ ਤੇ ਬੇਮਾਅਨਾ ਹੋ ਕੇ ਰਹਿ ਜਾਂਦੀ ਹੈ। ਅਜਿਹੇ ਘਟਨਾਕ੍ਰਮ ਤੇ ਮਨਫ਼ੀ ਸਰੋਕਾਰ ਸਾਰੇ ਸੁਹਿਰਦ ਯਤਨਾਂ ‘ਤੇ ਪਾਣੀ ਫੇਰ ਦੇਣ ਦੀ ਕੈਫ਼ੀਅਤ ਰੱਖਦੇ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਰੂਹਾਨੀ ਤਸੱਵਰ ਦੀ ਲੋਅ ਵਿਚ ਸਮਝਣ ਅਤੇ ਦੀਰਘ ਦੀਨਤਾ ਨਾਲ ਵਿਚਾਰ ਕੇ ਹਕੂਮਤਾਂ ਦੇ ਬਾਦਸ਼ਾਹੀ ਅਡੰਬਰਾਂ ਤੋਂ ਮੁਕਤ ਰੱਖਣ ਦੀ ਲੋੜ ਹੈ।

Check Also

ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’

ਡਾ. ਗੁਰਵਿੰਦਰ ਸਿੰਘ ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ ‘ਪੰਜਾਬੀ …