ਆਰੋਪੀ ਨੇ ਕਿਹਾ – ਤੁਹਾਡੇ ਖਾਤੇ ‘ਚ ਤਨਖਾਹ ਪਾਉਣੀ ਹੈ, ਬੈਂਕ ਖਾਤੇ ਬਾਰੇ ਦਿਓ ਜਾਣਕਾਰੀ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਤਾਉੱਲਾ ਅਨਸਾਰੀ ਨਾਮ ਦੇ ਵਿਅਕਤੀ ਨੇ ਝਾਰਖੰਡ ਤੋਂ ਪਰਨੀਤ ਕੌਰ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਉਹ ਐਸਬੀਆਈ ਬੈਂਕ ਦਾ ਮੈਨੇਜਰ ਬੋਲ ਰਿਹਾ ਹੈ। ਉਸ ਨੇ ਪਰਨੀਤ ਕੌਰ ਨੂੰ ਕਿਹਾ ਕਿ ਤੁਹਾਡੀ ਤਨਖ਼ਾਹ ਖਾਤੇ ਵਿੱਚ ਪਾਉਣੀ ਹੈ, ਇਸ ਕਰਕੇ ਬੈਂਕ ਖਾਤੇ ਸਬੰਧੀ ਜਾਣਕਾਰੀ ਦਿਓ। ਠੱਗ ਨੇ ਗੱਲਾਂ-ਗੱਲਾਂ ਵਿੱਚ ਬੈਂਕ ਦਾ ਖਾਤਾ ਨੰਬਰ, ਡੈਬਿਟ ਕਾਰਡ ਦਾ ਨੰਬਰ ਅਤੇ ਗਾਹਕ ਪੁਸ਼ਟੀ ਅੰਕ ਵੀ ਪੁੱਛ ਲਿਆ। ਕੈਪਟਨ ਦੀ ਪਤਨੀ ਦੇ ਹੋਸ਼ ਉਦੋਂ ਉੱਡ ਗਏ ਜਦੋਂ ਉਨ੍ਹਾਂ ਦੇ ਖਾਤੇ ਵਿੱਚੋਂ 23 ਲੱਖ ਰੁਪਏ ਨਿੱਕਲ ਚੁੱਕੇ ਸਨ। ਇਸ ਸਬੰਧੀ ਪਟਿਆਲਾ ਜ਼ੋਨ ਦੇ ਆਈਜੀ ਏ.ਐਸ. ਰਾਏ ਨੇ ਦੱਸਿਆ ਕਿ 23 ਲੱਖ ਦੀ ਰਿਕਵਰੀ ਵੀ ਕਰ ਲਈ ਗਈ ਹੈ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਜਾ ਰਿਹਾ ਹੈ।

