Breaking News
Home / ਘਰ ਪਰਿਵਾਰ / ਖੁਦਕਸ਼ੀ ਸਮੱਸਿਆਵਾਂ ਦਾ ਹੱਲ ਨਹੀਂ

ਖੁਦਕਸ਼ੀ ਸਮੱਸਿਆਵਾਂ ਦਾ ਹੱਲ ਨਹੀਂ

ਭਾਰਤ ਭੂਸ਼ਨ ਆਜ਼ਾਦ
98721-12457
‘ਖੁਦਕਸ਼’ ਪੰਜ ਅੱਖਰਾਂ ਦਾ ਸ਼ਬਦ ਮਨੁੱਖ ਨੂੰ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਲਈ ਛੁਟਕਾਰਾ ਦੁਆ ਦਿੰਦਾ ਹੈ। ਹਾਲਾਂਕਿ ਉਸ ਨਾਲ ਜੁੜੇ ਪਰਿਵਾਰ ਦੇ ਮੈਂਬਰਾਂ ਨੂੰ ਤਿਲ-ਤਿਲ ਕਰਕੇ ਮਰਨ ਲਈ ਮਜਬੂਰ ਕਰਦਾ ਹੈ। ਖੁਦਕਸ਼ੀ ਦੀ ਸਮੱਸਿਆ ਅੱਜ ਇਕੱਲੇ ਭਾਰਤ ਅੰਦਰ ਹੀ ਨਹੀਂ ਬਲਕਿ ਪੂਰੇ ਸੰਸਾਰ ਅੰਦਰ ਵੱਡੀ ਸਮੱਸਿਆ ਵਜੋਂ ਉੱਭਰ ਰਹੀ ਹੈ। ਮਨੁੱਖ ਅੰਦਰ ਇਹ ਰੁਝਾਨ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਹਰ ਉਮਰ ਦਾ ਮਨੁੱਖ ਇਸ ਰਾਹ ‘ਤੇ ਤੁਰਨ ਲਈ ਮਜ਼ਬੂਰ ਹੋ ਰਿਹਾ ਹੈ। ਅਤਿ ਮੱਧ ਵਰਗੀ ਪਰਿਵਾਰਾਂ ਵਿਚ ਖੁਦਕਸ਼ੀਆਂ ਜ਼ਿਆਦਾਤਰ ਆਰਥਿਕ ਤੰਗੀ ਕਰਕੇ ਹੋ ਰਹੀਆਂ ਹਨ। ਜਦੋਂਕਿ ਸੰਪੰਨ ਪਰਿਵਾਰਾਂ ਵਿਚ ਇਹ ਵਪਾਰ ਵਿਚ ਵੱਡਾ ਘਾਟਾ ਪੈਣ ਜਾਂ ਘਰੇਲੂ ਸਮੱਸਿਆਵਾਂ ਕਾਰਨ ਹੋ ਰਹੀਆਂ ਹਨ। ਨੌਜਵਾਨ ਪ੍ਰੀਖਿਆਵਾਂ ਵਿਚ ਚੰਗੇ ਨੰਬਰ ਨਾ ਆਉਣ ਜਾਂ ਫ਼ੇਰ ਇਕਤਰਫ਼ਾ ਪਿਆਰ ਹੋਣ ਕਰਕੇ ਇਹ ਕਦਮ ਚੁੱਕ ਲੈਂਦੇ ਹਨ। ਇਕ ਗੱਲ ਸਪੱਸ਼ਟ ਕਰਨੀ ਬਣਦੀ ਹੈ ਕਿ ਖੁਦਕਸ਼ੀ ਦਾ ਖ਼ਿਆਲ ਮਨੁੱਖ ਦੇ ਦਿਮਾਗ ਅੰਦਰ ਤੁਰੰਤ ਨਹੀ ਪੈਦਾ ਹੁੰਦਾ ਬਲਕਿ ਇਹ ਮਨੁੱਖੀ ਦਿਮਾਗ ਵਿਚ ਹੌਲੀ-ਹੌਲੀ ਵਧਦਾ ਹੈ। ਜਦ ਮਨੁੱਖੀ ਦਿਮਾਗ ਸਮੱਸਿਆਵਾਂ ਉੱਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਅਸਮਰਥ ਹੋ ਜਾਂਦਾ ਹੈ ਤਦ ਮਨੁੱਖ ਇਸ ਵੱਲ ਕਦਮ ਵਧਾਉਂਦਾ ਹੈ।
ਵਿਸ਼ਵ ਹੈਲਥ ਆਰਗੇਨਾਈਜੇਸ਼ਨ ਵਲੋਂ 2017 ਵਿਚ ਜਾਰੀ ਇਕ ਰਿਪੋਰਟ ਅਨੁਸਾਰ ਹਰ ਸਾਲ 8 ਲੱਖ ਲੋਕ ਖੁਦਕਸ਼ੀ ਕਰ ਰਹੇ ਹਨ। ਸੰਸਾਰ ਵਿਚ ਹਰ ਚਾਲੀ ਮਿੰਟ ਮਗਰੋਂ ਇਕ ਖੁਦਕਸ਼ੀ ਹੋ ਰਹੀ ਹੈ। ਇਸ ਰੁਝਾਨ ਵਿਚ 15 ਤੋਂ 29 ਸਾਲ ਦੇ ਨੌਜਵਾਨ ਜ਼ਿਆਦਾ ਸ਼ਾਮਲ ਹਨ। ਅਫ਼ਰੀਕੀ ਮੁਲਕ ਲੀਸੋਥੋ ਮਹਿਲਾ ਖੁਦਕਸ਼ੀ ਦਰ ਵਿਚ ਪਹਿਲੇ ਸਥਾਨ ‘ਤੇ ਹੈ। ਏਸੇ ਤਰ੍ਹਾਂ ਰੂਸ ਪੁਰਸ਼ ਖੁਦਕਸ਼ੀ ਸਥਾਨ ਵਿਚ ਅਗਲੀ ਕਤਾਰ ਵਿਚ ਸ਼ੁਮਾਰ ਹੈ। ਸ਼੍ਰੀਲੰਕਾ ਵਿਚ 1 ਲੱਖ ਦੀ ਅਬਾਦੀ ਪਿੱਛੇ 35.3, ਦੱਖਣੀ ਕੋਰੀਆ ਵਿਚ 28.3 ਰਿਕਾਰਡ ਦਰਜ ਕੀਤਾ ਗਿਆ ਹੈ। ਹਾਲਾਂਕਿ ਵਿਕਸਤ ਮੁਲਕ ਲਿਥੂਆਈਆਂ ‘ਚ ਪੌਲੈਂਡ ਸਮੇਤ ਕਈ ਹੋਰ ਯੂਰੋਪੀਨ ਮੁਲਕਾਂ ਵਿਚ ਇਕ ਲੱਖ ਦੀ ਅਬਾਦੀ ਮੱਗਰ ਸਿਰਫ 22 ਮਾਮਲੇ ਹੀ ਉਜਾਗਰ ਹੋਏ ਹਨ। ਭਾਰਤ ਅੰਦਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਜਾਰੀ ਰਿਪੋਰਟ ਅਨੁਸਾਰ ਦੇਸ਼ ਵਿਚ ਚੌਦਾਂ ਸਾਲ ਦੀ ਉਮਰ ਤੋਂ ਉਪਰ ਦੇ 790 ਬੱਚੇ, ਅੱਠਾਰਾਂ ਸਾਲ ਤੋਂ ਵੱਧ ਦੇ 3672 ਨੌਜਵਾਨਾਂ, ਤੀਹ ਸਾਲ ਤੋਂ ਵੱਧ ਉਮਰ ਦੀਆਂ 26883 ਵਿਆਹੁਤਾ ਪੁਰਸ਼/ਇਸਤਰੀਆਂ, ਪੰਤਾਲੀ ਸਾਲ ਤੋਂ ਵੱਧ ਉਮਰ 32654 ਵਿਅਕਤੀਆਂ, 60 ਸਾਲ ਤੱਕ 19897 ਬਜ਼ੁਰਗਾਂ ਅਤੇ 60 ਸਾਲ ਤੋਂ ਵੱਧ ਉਮਰ ਹੰਢਾ ਚੁੱਕੇ 7632 ਬਜੁਰਗਾਂ ਨੇ ਖੁਦਕਸ਼ੀ ਕਰਕੇ ਮੌਤ ਨੂੰ ਗਲੇ ਲਾਇਆ ਹੈ।
ਭਾਰਤੀ ਕਿਸਾਨ ਯੂਨੀਅਨ ਨੇ ਇਕ ਮੀਡੀਆ ਰਿਪੋਰਟ ਰਾਹੀਂ ਦਾਅਵਾ ਕੀਤਾ ਕਿ ਲੰਘੇ ਦਸ ਸਾਲਾਂ ਦੌਰਾਨ ਇਕ ਹਜ਼ਾਰ ਦੇ ਕਰੀਬ ਕਿਸਾਨਾਂ ਨੇ ਪੰਜਾਬ ‘ਚ ਖੁਦਕਸ਼ੀਆਂ ਕੀਤੀਆਂ। ਅਖ਼ਬਾਰਾਂ ਤੇ ਬਿਜਲਈ ਮੀਡੀਏ ਰਾਹੀਂ ਖੁਦਕਸ਼ੀ ਦੀਆਂ ਰੋਜ਼ ਦੋ-ਤਿੰਨ ਖ਼ਬਰਾਂ ਸਾਨੂੰ ਪੜਣ ਤੇ ਸੁਨਣ ਨੂੰ ਮਿਲ ਰਹੀਆਂ ਹਨ। ਖੁਦਕਸ਼ੀ ਕਰਨ ਦਾ ਇਹ ਘਿਨੌਣਾ ਕਦਮ ਮਨੁੱਖ ਆਪਣੀ ਜ਼ਿੰਦਗੀ ਦੇ ਕਿਸੇ ਪੜਾਅ ਉੱਤੇ ਵੀ ਚੁੱਕ ਸਕਦਾ ਹੈ। ਪੜ੍ਹਾਈ ਦੌਰਾਨ ਵਿਦਿਅਕ ਅਦਾਰਿਆਂ ਵੱਲੋਂ ਨਤੀਜ਼ਿਆਂ ਵਿਚ ਵੱਧ ਨੰਬਰ ਲਿਆਉਣ ਦਾ ਦਬਾਅ, ਵਿਆਹੁਤਾ ਜੀਵਨ ਵਿਚ ਆਪਣੇ ਜੀਵਨ ਸਾਥੀ/ਸਾਥਣ ਨਾਲ ਮਤਭੇਦਾਂ ਹੋਣਾ, ਪਿਆਰ ਵਿਚ ਠੁਕਰਾਏ ਜਾਣ ਜਾਂ ਫ਼ੇਰ ਆਰਥਿਕ ਕੰਗਾਲੀ ਪੱਖੋਂ ਪ੍ਰੇਸ਼ਾਨ ਹੋਣ ਕਰਕੇ ਮਨੁੱਖ ਇਸ ਰਾਹ ਉੱਤੇ ਤੁਰਦਾ ਹੈ। ਮਾਨਸਿਕ ਪ੍ਰੇਸ਼ਾਨੀਆਂ ਕਾਰਨ ਮਨੁੱਖ ਆਪਣੀਆਂ ਸਮੱਸਿਆਵਾਂ ਨਾਲ ਲੜਣ ਦੀ ਬਜਾਏ ਮੌਤ ਨੂੰ ਹੀ ਚੁਨਣਾ ਉਚਿਤ ਸਮਝਦਾ ਹੈ, ਕਿਉਂਕਿ ਉਸ ਸਮੇਂ ਉਸਦਾ ਦਿਮਾਗ ਪੂਰੀ ਤਰ੍ਹਾਂ ਸੁੰਨ ਹੋ ਜਾਂਦਾ ਹੈ ਤੇ ਸਰੀਰਕ ਉਹ ਸਭ ਕੁੱਝ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ ਜੋ ਉਸ ਸਮੇਂ ਦਿਮਾਗ ਉਸ ਤੋਂ ਕਰਵਾਉਣਾ ਚਾਹੁੰਦਾ ਹੈ ਜਿਸ ਨੂੰ ਅਸੀਂ ਜਨੂੰਨ ਕਹਿ ਸਕਦੇ ਹਨ। ਜਨੂੰਨ ਕਿਸੇ ਰੁਤਬੇ ਦੀ ਵੀ ਪ੍ਰਵਾਹ ਨਹੀਂ ਕਰਦਾ। 23 ਨਵੰਬਰ 2016 ਨੂੰ ਮੁੰਬਈ ਦੇ ਪੁਲਿਸ ਕਮਿਸ਼ਨਰ ਹਿਮਾਂਸ਼ੂ ਰਾਏ ਨੇ ਬੀਮਾਰੀ ਤੋਂ ਤੰਗ ਹੋ ਕੇ ਆਪਣੀ ਰਿਹਾਇਸ਼ ਵਿਚ ਮੇਜ ਉੱਤੇ ਪਈ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਲਈ ਸੀ। ਏਸੇ ਤਰ੍ਹਾਂ ਜੈਤੋ ਸਬ-ਡਵੀਜ਼ਨ ਵਿਚ ਤਾਇਨਾਤ ਡੀਐਸਪੀ ਮਰਹੂਮ ਬਲਵਿੰਦਰ ਸਿੰਘ ਵੀ ਇਕ ਜਨਤਕ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹੋਏ ਮਾਨਸਿਕ ਤੌਰ ‘ਤੇ ਏਨੇ ਪ੍ਰੇਸ਼ਾਨ ਹੋ ਗਏ ਕਿ ਉਨਾਂ ਪ੍ਰਦਰਸ਼ਨਕਾਰੀਆਂ ਵਿਚ ਹੀ ਖੜ੍ਹ ਕੇ ਆਪਣੇ ਆਪ ਨੂੰ ਸਰਵਿਸ ਰਿਵਾਲਵਰ ਤੋਂ ਗੋਲੀ ਮਾਰ ਲਈ ਤੇ ਹਮੇਸ਼ਾ ਲਈ ਦੁਨੀਆਂ ਤੋਂ ਰੁਖ਼ਸਤ ਹੋ ਗਏ। ਸਮਾਜ ਵਿਚ ਅਜਿਹੇ ਹਜ਼ਾਰਾਂ ਮਨੁੱਖ ਹਨ, ਜਿਨ੍ਹਾਂ ਦੇ ਵੱਡੇ ਵੱਡੇ ਸੁਪਨੇ ਸਨ, ਮਗਰੋਂ ਉਹ ਇਸ ਜਨੂੰਨ ਦੀ ਭੇਂਟ ਚੜ੍ਹ ਗਏ। ਖੁਦਕਸ਼ੀ ਕਰਨ ਵਾਲਾ ਮਰਨ ਤੋਂ ਪਹਿਲਾਂ ਇਹ ਸੋਚ ਬਣਾ ਲੈਂਦਾ ਹੈ ਕਿ ਉਸ ਦੀਆਂ ਸਾਰੀਆਂ ਸਮੱਸਿਆ ਦਾ ਹੱਲ ਸਿਰਫ ਮੌਤ ਹੀ ਹੈ। ਹਾਲਾਂਕਿ ਮੌਤ ਉਪਰੰਤ ਉਹ ਆਪਣੇ ਪਰਿਵਾਰ ਦੀ ਹਾਲਤ ਬਾਰੇ ਬਿਲਕੁਲ ਵੀ ਨਹੀਂ ਸੋਚਦਾ।
ਮਨੋਰੋਗ ਮਾਹਿਰ ਮੁਤਾਬਕ ਦਰਅਸਲ ਮਨੁੱਖ ਦਾ ਦਿਮਾਗ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ। ਕਈ ਵਾਰ ਅਸੀਂ ਵੇਖਦੇ ਹਾਂ ਗਹਿਰੀ ਨੀਂਦ ਵਿਚ ਸੁੱਤਾ ਪਿਆ ਮਨੁੱਖ ਅਚਾਨਕ ਉਠ ਕੇ ਕੁੱਝ ਸੋਚਣ ਲੱਗ ਪੈਂਦਾ ਹੈ। ਇਸ ਤਰ੍ਹਾਂ ਦਿਮਾਗ ਦੇ ਅੰਦਰ ਕਈ ਹਿੱਸੇ ਹੁੰਦੇ ਹਨ, ਜੇ ਕਿਸੇ ਹਿੱਸੇ ਅੰਦਰ ਕੋਈ ਗੱਲ ਭਾਰੂ ਪੈ ਜਾਵੇ ਤਾਂ ਉਹ ਜਨੂੰਨ ਬਣ ਜਾਂਦੀ ਹੈ। ਇਸ ਨੂੰ ਜੇ ਤੁਰੰਤ ਰੋਕ ਲਿਆ ਜਾਵੇ ਤਾਂ ਮਨੁੱਖ ਖੁਦਕਸ਼ੀ ਕਰਨ ਤੋਂ ਟਲ ਸਕਦਾ ਹੈ। ਖੁਦਕਸ਼ੀਆਂ ਦੇ ਵੱਧ ਰਹੇ ਰੁਝਾਣ ਵਿਚ ਸਰਕਾਰਾਂ ਦੀਆਂ ਨੀਤੀਆਂ ਵੀ ਕਾਫੀ ਹੱਦ ਦੋਸ਼ੀ ਹਨ। ਸਰਕਾਰਾਂ ਨੂੰ ਆਪਣੇ ਨਾਗਿਰਕਾਂ ਲਈ ਰੁਜ਼ਗਾਰ ਦੇ ਸਾਧਨ ਪੈਂਦਾ ਕਰਨੇ ਚਾਹੀਦੇ ਹਨ, ਸਿੱਖਿਆ ਨੂੰ ਵਪਾਰ ਨਾ ਬਨਣ ਤੋਂ ਰੋਕਣਾ ਚਾਹੀਦਾ ਤੇ ਚੰਗੇਰੀ ਸਿੱਖਿਆ ਪ੍ਰਦਾਨ ਕਰਕੇ ਮਨੁੱਖ ਨੂੰ ਇਸ ਵਿਰੁੱਧ ਲੜਨ ਲਈ ਤਿਆਰ ਕਰਨਾ ਚਾਹੀਦਾ ਹੈ, ਦੇਸ਼ ਅੰਦਰ ਹੁਣ ਤੱਕ ਹੋਈਆਂ ਖੁਦਕਸ਼ੀਆਂ ਸਬੰਧੀ ਸਰਵੇ ਹੋਣਾ ਚਾਹੀਦਾ ਹੈ ਤੇ ਅੰਕੜੇ ਜਨਤਕ ਹੋਣੇ ਚਾਹੀਦੇ ਹਨ, ਪੰਜਾਬ ਵਿਚ ਅੰਦਰ ਮਨੋਰੋਗ ਡਾਕਟਰ ਦੀ ਕਮੀ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਖੁਦਕਸ਼ੀ ‘ਕਾਇਰਤਾ’ ਵਾਲਾ ਕਦਮ ਹੈ। ਇਹ ਕਦਮ ਚੁਕਣ ਦੀ ਬਜਾਏ ਸਮੱਸਿਆਵਾਂ ਨਾਲ ਲੜਨਾ ਚਾਹੀਦਾ ਹੈ। ਸਮਾਜ ਸੇਵੀ ਸੰਸਥਾਵਾਂ ਇਸ ਰੁਝਾਣ ਨੂੰ ਰੋਕਣ ਲਈ ਸਮਾਜਿਕ ਤੌਰ ‘ਤੇ ਜਾਗਰੂਕਤਾ ਲਹਿਰ ਚਲਾਉਣ ਤਾਂ ਜੋ ਇਹ ਸਿਲਸਿਲਾ ਰੁਕ ਸਕੇ।
ੲ ੲ ੲ ੲ ੲ

Check Also

INFERTILITY MYTHS & FACTS: NEVER GIVE UP

Infertility is “the inability to conceive after 12 months of unprotected intercourse.” This means that …