ਟਿਕਟ ਨਾ ਮਿਲਣ ‘ਤੇ ਨਰਾਜ਼ ਹੋਏ ਕੇ.ਪੀ. ਨੇ ਕਿਹਾ – ਪਾਰਟੀ ਨੇ ਉਨ੍ਹਾਂ ਦਾ ਕੀਤਾ ਸਿਆਸੀ ਕਤਲ
ਜਲੰਧਰ/ਬਿਊਰੋ ਨਿਊਜ਼
ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਕਾਂਗਰਸ ਪਾਰਟੀ ਵਿਚੋਂ ਬਾਗੀ ਹੋ ਸਕਦੇ ਹਨ। ਕੇ.ਪੀ. 2009 ਵਿਚ ਜਲੰਧਰ ਤੋਂ ਕਾਂਗਰਸ ਦੀ ਟਿਕਟ ‘ਤੇ ਜਿੱਤ ਕੇ ਸੰਸਦ ਮੈਂਬਰ ਬਣੇ ਸਨ ਅਤੇ 2014 ਵਿਚ ਪਾਰਟੀ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਸੀ ਅਤੇ ਉਹ ਵਿਜੇ ਸਾਂਪਲਾ ਕੋਲੋਂ ਹਾਰ ਗਏ ਸਨ। ਇਸ ਵਾਰ ਕੇ.ਪੀ. ਚਾਹੁੰਦੇ ਸਨ ਕਿ ਉਸ ਨੂੰ ਜਲੰਧਰ ਤੋਂ ਫਿਰ ਟਿਕਟ ਮਿਲੇ ਅਤੇ ਪਾਰਟੀ ਨੇ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ। ਇਸ ਤੋਂ ਬਾਅਦ ਮਹਿੰਦਰ ਸਿੰਘ ਕੇ.ਪੀ. ਖਾਸੇ ਨਰਾਜ਼ ਹਨ ਅਤੇ ਉਨ੍ਹਾਂ ਪਾਰਟੀ ਤੋਂ ਬਾਗੀ ਰੁਖ ਅਖਤਿਆਰ ਕਰ ਲਿਆ ਹੈ। ਦੁਖੀ ਹੋਏ ਕੇ.ਪੀ. ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਹੈ। ਮਹਿੰਦਰ ਸਿੰਘ ਕੇ.ਪੀ. ਦਾ ਇੱਥੋਂ ਤੱਕ ਵੀ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੇ ਸਮਰਥਕ ਕਹਿਣਗੇ ਤਾਂ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਜ਼ਿਕਰਯੋਗ ਹੈ ਕਿ 2009 ਵਿਚ ਕੇ.ਪੀ. ਨੇ ਅਕਾਲੀ ਉਮੀਦਵਾਰ ਹੰਸ ਰਾਜ ਹੰਸ ਨੂੰ ਹਰਾਇਆ ਸੀ। ਉਧਰ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ ਨੇ ਵੀ ਕੈਪਟਨ ਅਮਰਿੰਦਰ ਖਿਲਾਫ ਝੰਡਾ ਚੁੱਕ ਲਿਆ ਹੈ ਅਤੇ ਇਲਜ਼ਾਮ ਲਗਾਏ ਕਿ ਕੈਪਟਨ ਅਮਰਿੰਦਰ ਨੇ ਮਰਜ਼ੀ ਨਾਲ ਆਪਣੇ ਚਹੇਤਿਆਂ ਨੂੰ ਟਿਕਟਾਂ ਦਿਵਾਈਆਂ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …