-11.8 C
Toronto
Wednesday, January 21, 2026
spot_img
Homeਪੰਜਾਬਨਸ਼ਿਆਂ ਦੀ ਭੇਟ ਚੜ੍ਹਨ ਲੱਗੀ ਪੰਜਾਬ ਦੀ ਜਵਾਨੀ

ਨਸ਼ਿਆਂ ਦੀ ਭੇਟ ਚੜ੍ਹਨ ਲੱਗੀ ਪੰਜਾਬ ਦੀ ਜਵਾਨੀ

ਨਸ਼ੇ ਦੀ ਓਵਰਡੋਜ਼ ਕਾਰਨ ਤਰਨਤਾਰਨ ‘ਚ ਦੋ, ਲੁਧਿਆਣਾ ਤੇ ਫਿਰੋਜ਼ਪੁਰ ‘ਚ ਇਕ-ਇਕ ਨੌਜਵਾਨ ਦੀ ਮੌਤ
ਚੰਡੀਗੜ੍ਹ : ਪੰਜਾਬ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦੀ ਸੂਚੀ ਵਿੱਚ ਅੱਜ ਲੁਧਿਆਣਾ ਦਾ ਨਾਂ ਵੀ ਜੁੜ ਗਿਆ, ਜਦੋਂ ਸ਼ਹਿਰ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਇਸੇ ਤਰ੍ਹਾਂ ਤਰਨਤਾਰਨ ਇਲਾਕੇ ਵਿੱਚ ਦੋ ਨੌਜਵਾਨਾਂ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ, ਜਿਸ ਲਈ ਨਸ਼ੇ ਦੀ ਵੱਧ ਮਾਤਰਾ ਨੂੰ ਹੀ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਤਰਨਤਾਰਨ ਇਲਾਕੇ ਵਿੱਚ ਮੌਤ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਪਛਾਣ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਐਮਾ ਕਲਾਂ ਦੇ ਗੁਰਜੰਟ ਸਿੰਘ (25) ਅਤੇ ਥਾਣਾ ਸਰਹਾਲੀ ਦੇ ਪਿੰਡ ਢੋਟੀਆਂ ਦੇ ਗੁਰਭੇਜ ਸਿੰਘ ਭੇਜਾ (30) ਵਜੋਂ ਹੋਈ ਹੈ। ਉਂਜ ਸਬੰਧਿਤ ਥਾਣਿਆਂ ਦੀ ਪੁਲਿਸ ਮੌਤਾਂ ਨਸ਼ਿਆਂ ਕਾਰਨ ਹੋਣ ਤੋਂ ਇਨਕਾਰ ਕਰ ਰਹੀ ਹੈ। ਐਮਾ ਕਲਾਂ ਦੇ ਗੁਰਜੰਟ ਸਿੰਘ ਨਾਲ ਨਸ਼ਾ ਕਰਨ ઠਵਾਲੇ ਇਕ ਹੋਰ ਨੌਜਵਾਨ ਹਰਜੀਤ ਸਿੰਘ ਨੂੰ ਗੰਭੀਰ ਹਾਲਤ ਵਿਚ ਬੀੜ ਬਾਬਾ ਬੁੱਢਾ ਸਾਹਿਬ ਹਸਪਤਾਲ ਦਾਖਲ ਕਰਾਇਆ ਗਿਆ ਸੀ, ਜਿਥੋਂ ਉਸ ਨੂੰ ਛੁੱਟੀ ਮਿਲ ਗਈ। ਉਨ੍ਹਾਂ ਨਾਲ ਨਸ਼ਾ ਕਰਨ ਵਾਲੇ ਤੀਜੇ ਵਿਅਕਤੀ ਸਰਵਣ ਸਿੰਘ ਮੁਤਾਬਕ ਉਨ੍ਹਾਂ ਜਗਤਪੁਰ ਦੇ ਇਕ ਵਿਅਕਤੀ ਕੋਲੋਂ 350 ਰੁਪਏ ਵਿਚ ਹੈਰੋਇਨ ਦੀ ਇਕ ਪੁੜੀ ਖਰੀਦੀ ਸੀ, ਜਿਸ ਨੂੰ ਗੁਰਜੰਟ ਸਿੰਘ ਕਥਿਤ ਜ਼ਿਆਦਾ ਲਗਾ ਗਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਜੰਟ ਸਿੰਘ ਦੀ ਮਾਤਾ ਦਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਰੀਬ 20 ਨੌਜਵਾਨ ਨਸ਼ਿਆਂ ਦੇ ਟੀਕੇ ਲਗਾਉਂਦੇ ਹਨ। ਦੂਜੇ ਪਾਸੇ ਥਾਣਾ ਮੁਖੀ ਮਨੋਜ ਕੁਮਾਰ ਨੇ ਗੁਰਜੰਟ ਸਿੰਘ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਨਾਲ ਹੋਣ ਦੀ ਗੱਲ ਆਖੀ ਹੈ। ਢੋਟੀਆਂ ਦੇ ਗੁਰਭੇਜ ਸਿੰਘ ਦੀ ਮੌਤ ਵੀ ਨਸ਼ੇ ਦਾ ਟੀਕਾ ਲਗਾਉਣ ਨਾਲ ਹੋਈ ਹੈ। ਥਾਣਾ ਸਰਹਾਲੀ ਦੇ ਮੁਖੀ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲੇ ਲੁਧਿਆਣਾ ਦੇ ਨੌਜਵਾਨ ਦੀ ਪਛਾਣ ਸਨਅਤੀ ਸ਼ਹਿਰ ਦੇ ਇਲਾਕੇ ਟਿੱਬਾ ਰੋਡ ਦੇ ਕੰਪਨੀ ਬਾਗ਼ ਕਲੋਨੀ ਵਿਚ ਰਹਿਣ ਵਾਲੇ ਰਵੀ ਵਰਮਾ ਵਜੋਂ ਹੋਈ ਹੈ। ਉਸ ਨੂੰ ਮਾਪਿਆਂ ਨੇ ਹਸਪਤਾਲ ਦਾਖਲ ਕਰਵਾਇਆ, ਜਿਥੇ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ। ਰਵੀ ਦੇ ਪਿਤਾ ਨੇ ਉਸ ਦੀ ਪਤਨੀ ਉਤੇ ਰਵੀ ਨੂੰ ਨਸ਼ੇ ਦੀ ਓਵਰਡੋਜ਼ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਇਸ ਬਾਰੇ ਇਤਲਾਹ ਮਿਲਦਿਆਂ ਹੀ ਪੁਲਿਸ ਮੁਲਾਜ਼ਮ ਪ੍ਰਾਈਵੇਟ ਹਸਪਤਾਲ ਪੁੱਜ ਗਏ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਪਿੱਛੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਦੇ ਪਿਤਾ ਕੀਮਤੀ ਲਾਲ ਨੇ ਦੱਸਿਆ ਕਿ ਰਵੀ ਦਾ ਵਿਆਹ 2013 ਵਿਚ ਡੇਹਲੋਂ ਵਾਸੀ ਲੜਕੀ ਨਾਲ ਹੋਇਆ ਸੀ। ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਨੂੰਹ ਕਥਿਤ ਤੌਰ ‘ਤੇ ਡਾਂਸਰ ਵਜੋਂ ਕੰਮ ਕਰਦੀ ਹੈ ਤੇ ਆਪਣਾ ਸ਼ੌਕ ਪੂਰਾ ਕਰਨ ਲਈ ਉਨ੍ਹਾਂ ਦੇ ਲੜਕੇ ਅਤੇ ਪਰਿਵਾਰ ‘ਤੇ ਦਬਾਅ ਬਣਾਉਂਦੀ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਕਾਰਨ ਉਸ ਨੇ ਰਵੀ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ। ਪਿਛਲੇ ਦਿਨੀਂ ਉਹ (ਨੂੰਹ) ਰਵੀ ਨੂੰ ਨਸ਼ੇ ਦੀ ਡੋਜ਼ ਦੇ ਕੇ ਚਲੀ ਗਈ। ਉਸ ਦੀ ਇਹ ਹਰਕਤ ਕੀਮਤੀ ਲਾਲ ਨੇ ਦੇਖ ਲਈ, ਜਿਸ ਕਾਰਨ ਨੂੰਹ ਆਪਣਾ 4 ਸਾਲ ਦਾ ਲੜਕਾ ਨਾਲ ਲੈ ਗਈ। ਉਨ੍ਹਾਂ ਰਵੀ ਨੂੰ ਹਾਲਤ ਵਿਗੜਨ ਕਾਰਨ ਹਸਪਤਾਲ ਦਾਖ਼ਲ ਕਰਵਾਇਆ। ਇਸੇ ਦੌਰਾਨ ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਦੇ 26 ਸਾਲਾ ਨੌਜਵਾਨ ਮੱਖਣ ਦੀ ਮੌਤ ਵੀ ਨਸ਼ੇ ਕਾਰਨ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਮੱਖਣ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭਾਵੇਂ ਨਸ਼ਾ ਛੁਡਾਉਣ ਲਈ ਉਹ ਫ਼ਿਰੋਜ਼ਪੁਰ ਤੇ ਫ਼ਰੀਦਕੋਟ ਤੋਂ ਇਲਾਜ ਕਰਵਾ ਰਹੇ ਸਨ, ਪਰ ਨਸ਼ੇ ਦੀ ਹੋਮ ਡਿਲੀਵਰੀ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫ਼ਤ ਵਿੱਚੋਂ ਬਾਹਰ ਆਉਣ ਦਾ ਮੌਕਾ ਨਹੀਂ ਦੇ ਰਹੀ।
ਨਸ਼ੇ ਨਾਲ ਹੋਈਆਂ ਮੌਤਾਂ ਸਬੰਧੀ ਲਈ ਜਾ ਰਹੀ ਹੈ ਰਿਪੋਰਟ : ਏ.ਡੀ.ਜੀ.ਪੀ. ਸਿੱਧੂ
ਐੱਸ.ਟੀ.ਐੱਫ. ਦੇ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਐੱਸ.ਟੀ.ਐੱਫ. ਵਲੋਂ ਪੰਜਾਬ ਵਿਚ ਹੈਰੋਇਨ ਵਰਗੇ ਭਿਆਨਕ ਨਸ਼ੇ ਉੱਪਰ ਕਾਬੂ ਪਾਇਆ ਜਾ ਚੁੱਕਾ ਹੈ ਤੇ ਵੱਡੇ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੌਜਵਾਨਾਂ ਦੀਆਂ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਇਹ ਰਿਪੋਰਟ ਹਾਸਲ ਕੀਤੀ ਜਾ ਰਹੀ ਹੈ ਕਿ ਮਰਨ ਵਾਲੇ ਨੌਜਵਾਨ ਦੀ ਮੌਤ ਕਿਸ ਨਸ਼ੇ ਨਾਲ ਹੋਈ ਹੈ।
ਨਸ਼ੇ ਦੀ ਓਵਰਡੋਜ਼ ਨਾਲ ਫਿਰੋਜ਼ਪੁਰ ‘ਚ ਇਕ ਹੋਰ ਨੌਜਵਾਨ ਦੀ ਮੌਤ
ਫਿਰੋਜ਼ਪੁਰ/ਬਿਊਰੋ ਨਿਊਜ਼ : ਪੰਜਾਬ ਵਿਚ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪਿਛਲੇ ਚਾਰ ਕੁ ਦਿਨਾਂ ਵਿਚ ਪੰਜ ਨੌਜਵਾਨਾਂ ਦੀ ਮੌਤ ਨਸ਼ੇ ਕਾਰਨ ਹੀ ਹੋਈ ਹੈ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇਕੀ ਦੇ ਗਰੀਬ ਪਰਿਵਾਰ ਦਾ ਹੈ, ਜਿੱਥੇ 28 ਸਾਲ ਦੇ ਨੌਜਵਾਨ ਅਵਤਾਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਅਵਤਾਰ ਸਿੰਘ ਆਪਣੇ ਪਿੱਛੇ ਦੋ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਮਾਂ ਦਾ ਕਹਿਣਾ ਹੈ ਕਿ ਅਵਤਾਰ ਸਿੰਘ ਨੂੰ ਨਸ਼ਾ ਕਰਨ ਦੀ ਬਹੁਤ ਆਦਤ ਸੀ ਅਤੇ ਉਸਦੀ ਮੌਤ ਨਸ਼ੇ ਕਾਰਨ ਹੀ ਹੋਈ ਹੈ।
ਸ਼ਰਾਬ ਤਸਕਰਾਂ ਦੀ ਗ੍ਰਿਫਤਾਰੀ ਲਈ ਬਠਿੰਡਾ ਦੇ ਪਿੰਡ ਦੌਲਤਪੁਰਾ ‘ਚ ਮਾਰਿਆ ਛਾਪਾ
ਸਾਥੀ ਨੂੰ ਛੁਡਾਉਣ ਲਈ ਤਸਕਰਾਂ ਨੇ ਘਾਤ ਲਗਾ ਕੇ ਪੁਲਿਸ ‘ਤੇ ਕੀਤਾ ਹਮਲਾ, ਗੰਡਾਸੇ ਨਾਲ ਏਐਸਆਈ ਦਾ ਸਿਰ ਭੰਨਿਆ
ਬਠਿੰਡਾ : ਹਰਿਆਣਾ ਵਿਚ ਸਸਤੀ ਸ਼ਰਾਬ ਲਿਆ ਕੇ ਤਸਕਰੀ ਕਰਨ ਦੇ ਆਰੋਪੀਆਂ ਨੂੰ ਫੜਨ ਲਈ ਐਂਟੀ ਨਾਰਕੋਟਿਕ ਸੈਲ ਦੀ ਟੀਮ ਨੇ ਐਤਵਾਰ ਦੇਰ ਸ਼ਾਮ ਪਿੰਡ ਦੌਲਤਪੁਰਾ ਵਿਚ ਛਾਪਾ ਮਾਰਿਆ। ਇਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ। ਟੀਮ ਉਸ ਨੂੰ ਲੈ ਕੇ ਜਾ ਰਹੀ ਸੀ ਤਾਂ ਰਸਤੇ ਵਿਚ ਘਾਤ ਲਗਾਈ ਬੈਠੇ ਤਸਕਰਾਂ ਨੇ ਸਾਥੀ ਨੂੰ ਛੁਡਾਉਣ ਲਈ ਟੀਮ ‘ਤੇ ਹਥਿਆਰਾਂ ਅਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ।
ਵਰਦੀਆਂ ਪਾੜ ਦਿੱਤੀਆਂ। ਏਐਸਆਈ ਹਰਬੰਸ ਸਿੰਘ ਦੇ ਸਿਰ ‘ਤੇ ਗੰਡਾਸਾ ਮਾਰਿਆ। ਇੱਟ ਲੱਗਣ ਨਾਲ ਸਾਥੀ ਕਾਂਸਟੇਬਲ ਕੁਲਵਿੰਦਰ ਸਿੰਘ ਦਾ ਸਿਰ ਪਾਟ ਗਿਆ। ਪਿੰਡ ਦੌਲਤਪੁਰਾ ਵਿਚ ਹੋਏ ਹਮਲੇ ਵਿਚ ਟੀਮ ਵਿਚ ਸ਼ਾਮਲ ਚਾਰ ਹੋਰ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਹਮਲਾਵਰਾਂ ਨੇ ਪੁਲਿਸ ਦੀਆਂ ਗੱਡੀਆਂ ਦੀ ਵੀ ਭੰਨ ਤੋੜ ਕੀਤੀ ਅਤੇ ਫਰਾਰ ਹੋ ਗਏ। ਜ਼ਖ਼ਮੀਆਂ ਨੂੰ ਰਾਮਪੁਰਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਏਐਸਆਈ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਹੈ। ਪੁਲਿਸ ਨੇ ਇੰਸਪੈਕਟਰ ਗੁਰਦੀਪ ਸਿੰਘ ਦੇ ਬਿਆਨ ‘ਤੇ ਪਿੰਡ ਦੌਲਤਪੁਰਾ ਦੇ 22 ਵਿਅਕਤੀਆਂ ‘ਤੇ ਕੇਸ ਦਰਜ ਕਰ ਲਿਆ ਹੈ। ਫੜਿਆ ਆਰੋਪੀ ਪੁਲਿਸ ਦੀ ਗ੍ਰਿਫਤ ਵਿਚ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
ਹਮਲੇ ਤੋਂ ਬਾਅਦ ਸਾਰੇ ਆਰੋਪੀ ਫਰਾਰ
ਏਐਸਆਈ ਗੁਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਐਤਵਾਰ ਰਾਤ 7 ਵਜੇ ਸੂਚਨਾ ਮਿਲੀ ਕਿ ਪਿੰਡ ਦੌਲਤਪੁਰਾ ਵਿਚ ਕੁਝ ਵਿਅਕਤੀ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਪਿੰਡ ਤੋਂ ਇਲਾਵਾ ਨੇੜੇ-ਤੇੜੇ ਦੇ ਇਲਾਕਿਆਂ ਵਿਚ ਵੇਚਦੇ ਹਨ। ਸੂਚਨਾ ਮਿਲਦੇ ਹੀ ਉਹ ਅਤੇ ਏਐਸਆਈ ਹਰਬੰਸ ਸਿੰਘ, ਕਾਂਸਟੇਬਲ ਕੁਲਵਿੰਦਰ ਸਿੰਘ, ਹਵਾਲਦਾਰ ਪਵਨ ਕੁਮਾਰ, ਹਵਾਲਦਾਰ ਜਗਦੀਪ ਸਿੰਘ ਅਤੇ ਹੋਮਗਾਰਡ ਮਹਿੰਦਰ ਤੋਂ ਇਲਾਵਾ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੂੰ ਨਾਲ ਲੈ ਕੇ ਪਿੰਡ ਵਿਚ ਛਾਪਾ ਮਾਰਨ ਗਏ ਸਨ। ਪੁਲਿਸ ਨੇ ਇਕ ਤਸਕਰ ਨੂੰ ਹਿਰਾਸਤ ਵਿਚ ਲੈ ਲਿਆ ਸੀ। ਜਿਵੇਂ ਹੀ ਟੀਮ ਉਸ ਨੂੰ ਲੈ ਕੇ ਜਾਣ ਲੱਗੀ ਤਾਂ ਗਲੀ ਦੇ ਮੋੜ ‘ਤੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਆਰੋਪੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਅੱਗੇ ਏਐਸਆਈ ਹਰਬੰਸ ਸਿੰਘ ਅਤੇ ਕਾਂਸਟੇਬਲ ਕੁਲਵਿੰਦਰ ਸਿੰਘ ਸੀ। ਇਕ ਹਮਲਾਵਰ ਨੇ ਗੰਡਾਸਾ ਮਾਰ ਕੇ ਹਰਬੰਸ ਸਿੰਘ ਦਾ ਸਿਰ ਪਾੜ ਦਿੱਤਾ।

RELATED ARTICLES
POPULAR POSTS