
ਨਵੀਂ ਦਿੱਲੀ/ਬਿਊਰੋ ਨਿਊਜ਼
ਟਾਟਾ ਮੋਟਰਜ਼ ਦੀ ਕਰੀਬ 3.8 ਅਰਬ ਯੂਰੋ ਯਾਨੀ ਕਰੀਬ 41,800 ਕਰੋੜ ਰੁਪਏ ਦੀ ਇਵੇਕੋ ਡੀਲ ਹੁਣ ਪੂਰੀ ਹੋਣ ਦੇ ਹੋਰ ਨੇੜੇ ਪਹੁੰਚ ਗਈ ਹੈ। ਇਟਲੀ ਦੇ ਸ਼ੇਅਰ ਬਾਜ਼ਾਰ ਰੈਗੂਲੇਟਰ ਕੌਨਸੋਬ ਨੇ ਟਾਟਾ ਮੋਟਰਜ਼ ਦੀ ਸਵੈਇੱਛਿਕ ਟੈਂਡਰ ਪੇਸ਼ਕਸ਼ ਨਾਲ ਸਬੰਧਤ ਦਸਤਾਵੇਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਖ਼ਬਰ ਕੰਪਨੀ ਲਈ ਸਕਾਰਾਤਮਕ ਹੈ, ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਇਵੇਕੋ ਦਾ ਕਬਜ਼ਾ ਪੂਰੀ ਤਰ੍ਹਾਂ ਪੂਰਾ ਹੋ ਗਿਆ ਹੈ। ਅਜੇ ਇਸ ਪ੍ਰਕਿਰਿਆ ਵਿੱਚ ਕੁਝ ਹੋਰ ਪੜਾਅ ਬਾਕੀ ਹਨ।
ਨਿਵੇਸ਼ਕਾਂ ਲਈ ਇੱਥੇ ਇੱਕ ਅਹਿਮ ਗੱਲ ਸਮਝਣੀ ਜ਼ਰੂਰੀ ਹੈ। ਡੀਮਰਜਰ ਤੋਂ ਬਾਅਦ ਟਾਟਾ ਮੋਟਰਜ਼ ਦੇ ਦੋ ਵੱਖ-ਵੱਖ ਸੂਚੀਬੱਧ ਸ਼ੇਅਰ ਹਨ। ਟਰੱਕ, ਬੱਸ ਅਤੇ ਹੋਰ ਵਪਾਰਕ ਵਾਹਨਾਂ ਦਾ ਕਾਰੋਬਾਰ ਟੀ.ਐੱਮ.ਸੀ.ਵੀ. ਕੋਲ ਹੈ। ਜਦਕਿ ਯਾਤਰੀ ਕਾਰਾਂ, ਇਲੈਕਟਿ੍ਰਕ ਵਾਹਨਾਂ ਅਤੇ ਜੈਗੁਆਰ ਲੈਂਡ ਰੋਵਰ ਨਾਲ ਜੁੜਿਆ ਕਾਰੋਬਾਰ ਟੀ.ਐੱਮ.ਪੀ.ਵੀ. ਦੇ ਅਧੀਨ ਆਉਂਦਾ ਹੈ।
ਇਵੇਕੋ ਮੁੱਖ ਤੌਰ ’ਤੇ ਟਰੱਕ, ਬੱਸਾਂ, ਇੰਜਣ ਅਤੇ ਹੋਰ ਵਪਾਰਕ ਵਾਹਨ ਬਣਾਉਂਦੀ ਹੈ। ਇਸ ਲਈ ਇਸ ਡੀਲ ਦਾ ਸਿੱਧਾ ਪ੍ਰਭਾਵ ਟਾਟਾ ਮੋਟਰਜ਼ ਦੇ ਟੀ.ਐੱਮ.ਸੀ.ਵੀ. ਵਾਲੇ ਸ਼ੇਅਰ ’ਤੇ ਪਵੇਗਾ, ਨਾ ਕਿ ਟੀ.ਐੱਮ.ਪੀ.ਵੀ. ’ਤੇ। ਨਿਵੇਸ਼ਕਾਂ ਨੂੰ ਇਸ ਡੀਲ ਨਾਲ ਜੁੜੇ ਅਗਲੇ ਅਪਡੇਟਾਂ ਅਤੇ ਟੀਐੱਮਸੀਵੀ ਦੇ ਸ਼ੇਅਰ ਦੀ ਚਾਲ ’ਤੇ ਨਜ਼ਰ ਰੱਖਣੀ ਚਾਹੀਦੀ ਹੈ।

