
ਰਾਹੁਲ ਗਾਂਧੀ ’ਤੇ ਦਰਜ ਕੇਸ ਨੂੰ ਰੱਦ ਕਰਨ ਦੀ ਕੀਤੀ ਮੰਗ
ਜਲੰਧਰ/ਬਿਊਰੋ ਨਿਊਜ਼
ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਅਤੇ ਆਰ.ਐਸ.ਐਸ. ਨੂੰ ਦਲਿਤ ਵਿਰੋਧੀ ਦੱਸਿਆ ਹੈ। ਇਸੇ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ’ਤੇ ਵੀ ਜੰਮ ਕੇ ਸਿਆਸੀ ਨਿਸ਼ਾਨੇ ਸਾਧੇ ਹਨ। ਇਸ ਮੌਕੇ ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਰਾਮਲੀਲਾ ਮੈਦਾਨ ’ਚ ਰੈਲੀ ਤੋਂ ਬਾਅਦ ਮੰਚ ਦਾ ਸ਼ੁੱਧੀਕਰਨ ਕੀਤੇ ਜਾਣ ਦੀ ਘਟਨਾ ਮਨੂੰਵਾਦੀ ਸੋਚ ਨੂੰ ਦਰਸਾਉਂਦੀ ਹੈ। ਚੰਨੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਲਗਾਤਾਰ ਦਲਿਤਾਂ, ਆਦੀਵਾਸੀਆਂ, ਗਰੀਬਾਂ ਅਤੇ ਪਛੜੇ ਵਰਗਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ਦੇ ਖਿਲਾਫ ਦਰਜ ਐਫ.ਆਈ.ਆਰ. ਨੂੰ ਤੁਰੰਤ ਵਾਪਸ ਲਿਆ ਜਾਵੇ। ਸ਼ੋਸ਼ਲ ਮੀਡੀਆ ’ਤੇ ਏ.ਆਈ. ਅਤੇ ਫੇਕ ਵੀਡੀਓ ਦੇ ਮੁੱਦੇ ’ਤੇ ਚੰਨੀ ਨੇ ਕਿਹਾ ਕਿ ਕਿਸੇ ਵੀ ਨੇਤਾ ਦਾ ਗਲਤ ਵੀਡੀਓ ਬਣਾ ਕੇ ਉਸਦੀ ਮਰਿਆਦਾ ਨੂੰ ਠੇਸ ਪਹੁੰਚਾਉਣਾ ਪੂਰੀ ਤਰ੍ਹਾਂ ਗਲਤ ਹੈ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਅਸਲੀ ਅਤੇ ਸੱਚੇ ਵੀਡੀਓ ਨੂੰ ਵੀ ਲੈਬ ਵਿਚ ਭੇਜ ਕੇ ਗਲਤ ਸਾਬਤ ਕਰਨ ਦਾ ਯਤਨ ਕਰਨਾ ਵੀ ਓਨਾ ਹੀ ਗਲਤ ਹੈ।

