6.2 C
Toronto
Thursday, November 6, 2025
spot_img
Homeਪੰਜਾਬਪੰਜਾਬ ਦੇ ਪਿੰਡਾਂ 'ਚ ਹੁਣ ਲੱਭਿਆਂ ਨਹੀਂ ਲੱਭਦੇ ਨਲਕੇ

ਪੰਜਾਬ ਦੇ ਪਿੰਡਾਂ ‘ਚ ਹੁਣ ਲੱਭਿਆਂ ਨਹੀਂ ਲੱਭਦੇ ਨਲਕੇ

ਅੰਮ੍ਰਿਤਸਰ : ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਅਤੇ ਸਮੇਂ ਤੇ ਹਾਲਾਤ ਮੁਤਾਬਕ ਆਲਾ ਦੁਆਲਾ ਵੀ ਪ੍ਰਭਾਵਿਤ ਹੁੰਦਾ ਹੈ। ਡੂੰਘੇ ਖੂਹਾਂ ਵਿਚ ਟਿੰਡਾਂ ਨਾਲ ਪਾਣੀ ਕੱਢਣ ਤੋਂ ਬਾਅਦ ਘਰਾਂ ਵਿਚ ਧਰਤੀ ਹੇਠੋਂ ਪਾਣੀ ਕੱਢਣ ਲਈ ਹੋਂਦ ਵਿਚ ਆਏ ਹੱਥ ਨਲਕੇ ਜੋ ਘਰ-ਘਰ ਹੁੰਦੇ ਸਨ, ਹੁਣ ਲੱਭਿਆਂ ਮੁਸ਼ਕਲ ਨਾਲ ਮਿਲਦੇ ਹਨ। ਪਹਿਲਾਂ ਖੂਹ ‘ਤੇ ਪਾਣੀ ਭਰਦੀਆਂ ਮੁਟਿਆਰਾਂ ਦੀਆਂ ਲੋਕ ਕਥਾਵਾਂ ਸੁਣਦੇ ਜਾਂ ਪੜ੍ਹੀਆਂ ਜਾਂਦੀਆਂ ਰਹੀਆਂ ਤੇ ਹੁਣ ਹੱਥ ਨਲਕਿਆਂ ਨਾਲ ਵੀ ਇਹੋ ਸਬੱਬ ਬਣ ਰਿਹਾ ਹੈ। ਨਹਿਰਾਂ, ਸੂਇਆਂ ਕੰਢੇ ਨਲਕਿਆਂ ਦਾ ਪਾਣੀ ਠੰਡਾ ਠਾਰ ਹੁੰਦਾ ਸੀ, ਪਰ ਹੁਣ ਅਜਿਹੀਆਂ ਥਾਵਾਂ ‘ਤੇ ਵੀ ਨਲਕੇ ਬੰਦ ਹਨ।  ਜੇ ਕਿਤੇ ਹਨ ਤਾਂ ਇਨ੍ਹਾਂ ਨੂੰ ਗੇੜਨ ਵਾਲੀਆਂ ਹੱਥੀਆਂ ਲੋਕ ਲਾਹ ਕੇ ਲੈ ਜਾਂਦੇ ਹਨ।  100 ਤੋਂ 150 ਫੁੱਟ ਤੱਕ ਡੂੰਘਾ ਬੋਰ ਕਰਵਾ ਕੇ ਪਾਣੀ ਦੀ ਸਹੂਲਤ ਪ੍ਰਾਪਤ ਕੀਤੀ ਜਾਂਦੀ ਰਹੀ, ਜਿਸ ਨੂੰ ਲਗਵਾਉਣ ਲਈ 4,000 ਤੋਂ 5,000 ਤੱਕ ਦਾ ਖਰਚ ਆਉਂਦਾ ਸੀ ਜਿਸ ਕਰਕੇ ਕਈ ਪਰਿਵਾਰ ਪੈਸਿਆਂ ਦੀ ਥੁੜ੍ਹੋਂ ਵੀ ਹੱਥ ਨਲਕਾ ਲਗਵਾਉਣ ਤੋਂ ਅਸਮਰਥ ਰਹਿ ਜਾਂਦੇ ਸਨ। ਗਰੀਬ ਪਰਿਵਾਰ ਤਾਂ ਸਰਦੇ-ਪੁੱਜਦੇ ਘਰਾਂ ‘ਚ ਲੱਗੇ ਨਲਕਿਆਂ ਤੋਂ ਉਨ੍ਹਾਂ ਦਾ ਪਾਣੀ ਕਰਕੇ ਫਿਰ ਆਪ ਲਿਆ ਕੇ ਸਾਰਦੇ ਸਨ। ਬੋਰਾਂ ਵਾਲੇ ਕਿਥੋਂ ਲੱਭਣੇ ਅਜਿਹੇ ਨਲਕਿਆਂ ਦਾ ਬੋਰ ਕਰਨ ਵਾਲਿਆਂ ਨੂੰ ‘ਬੋਰਾ’ ਵਾਲੇ ਕਹਿ ਕੇ ਪੁਕਾਰਿਆ ਜਾਂਦਾ ਕਿਉਂਕਿ ਉਸ ਸਮੇਂ ਹੁਣ ਵਾਂਗ ਇੰਜਣਾਂ ਨਾਲ ਨਹੀਂ ਸਗੋਂ ਹੱਥ ਨਾਲ ਬੋਕੀ ਚਲਾ ਕੇ ਬੋਰ ਕੀਤਾ ਜਾਂਦਾ ਸੀ, ਜਿਸ ਕਰਕੇ ਨਲਕਾ ਲਗਵਾਉਣ ਲਈ ਬੋਰ ਕਰਵਾਉਣ ਵਾਲਿਆਂ ਨੂੰ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ। ਨਲਕਾ ਗੇੜ ਕੇ ਕੱਢਿਆ ਪਾਣੀ ਪੀਣ ਤੇ ਕੱਪੜੇ  ਪੈਣ ਲਈ ਵਰਤਿਆ ਜਾਂਦਾ ਸੀ। ਜਦੋਂ ਕਿ ਲੋਕ ਨਲਕੇ ਦੀ ਟੂਟੀ ਅੱਗੇ ਬਾਲਟਾ ਰੱਖ ਕੇ ਆਪਣੇ ਪਸ਼ੂਆਂ ਨੂੰ ਵੀ ਪਾਣੀ ਪਿਲਾਉਂਦੇ ਸਨ।
ਨਲਕਾ ਗੇੜਨਾ… ਨਾਲੇ ਪੁੰਨ ਨਾਲੇ ਫਲੀਆਂ
ਨਲਕਾ ਗੇੜਨ ਨਾਲ ਜਾਂ ਨਹਾਉਂਦਿਆਂ ਕਸਰਤ ਆਪਣੇ ਆਪ ਹੋ ਜਾਂਦੀ ਸੀ ਪਰ ਹੁਣ ਅਜਿਹਾ ਕਿੱਥੇ ਕਿਉਂਕਿ ਨਲਕੇ ਤਾਂ ਅਲੋਪ ਹੋ ਗਏ ਹਨ ਤੇ ਘਰਾਂ ਵਿਚ ‘ਟੁਲੂ ਪੰਪਾਂ’  ਦੀ ਸਰਦਾਰੀ ਹੈ।
ਨਲਕੇ ਤੋਂ ਪਾਣੀ ਲੈਣ ਲਈ ਲੱਗੀ ਹੱਥੀ ਨੂੰ ਉਪਰ ਹੇਠ ਕਰਨ ਨਾਲ ਸਰੀਰਕ ਕਸਰਤ ਹੁੰਦੀ ਸੀ ਜਿਸ ਕਰਕੇ ਹੀ ਪਾਣੀ ਨਿਕਲਦਾ ਸੀ। ਆਮ ਘਰਾਂ ਵਿਚ ਹੱਥ ਨਲਕੇ ਲੱਗਣ ਤੋਂ ਬਾਅਦ ਸਰਦੇ-ਪੁੱਜਦੇ ਘਰਾਂ ਵਲੋਂ ਹੱਥੀਂ ਨਲਕਾ ਗੇੜਨ ਦੀ ਥਾਂ ਉਨ੍ਹਾਂ ਉਪਰ ਜੁਗਾੜ ਲਗਾ ਕੇ ਮੋਟਰਾਂ ਲਗਵਾ ਲਈਆਂ ਗਈਆਂ। ਹੌਲੀ-ਹੌਲੀ ਆਧੁਨਿਕ ਤਕਨੀਕ ਦੀ ਮੱਦਦ ਨਾਲ ਹੱਥ ਨਲਕਿਆਂ ਦੀ ਹੋਂਦ ਵੀ ਬਦਲਦੀ ਰਹੀ ਤੇ ਸਰਕਾਰ ਵਲੋਂ ਜਿੱਥੇ ਪਾਣੀ ਸਪਲਾਈ ਦੀ ਸਹੂਲਤ ਦੇਣ ਲਈ ਟੂਟੀਆਂ ਲਗਵਾ ਦਿੱਤੀਆਂ ਗਈਆਂ ਜਦੋਂ ਕਿ ਪੈਸੇ ਵਾਲੇ ਲੋਕਾਂ ਵਲੋਂ ਨਲਕਿਆਂ ਦੀ ਥਾਂ ਡੂੰਘੇ ਬੋਰ ਲਗਵਾ ਕੇ ਮੱਛੀ ਮੋਟਰਾਂ ਲਗਵਾ ਲੈਣ ਕਰਕੇ ਪਿਛਲੇ ਦਸ ਸਾਲਾਂ ਤੋਂ ਹੱਥ ਨਲਕਿਆਂ ਦੀ ਹੋਂਦ ਪੂਰੀ ਤਰ੍ਹਾਂ ਮਿਟ ਗਈ ਹੈ।
ਆਉਣ ਵਾਲੀ ਪੀੜ੍ਹੀ ਨਲਕਿਆਂ ਬਾਰੇ ਤਸਵੀਰਾਂ ਹੀ ਵੇਖੇਗੀ
ਸਾਬਕਾ ਐਕਸੀਅਨ ਅਰਜਨ ਸਿੰਘ ਅਤੇ ਬਜ਼ੁਰਗ ਸੋਹਣ ਸਿੰਘ ਨੇ ਕਿਹਾ ਕਿ ਹੱਥ ਨਾਲ ਗੇੜ ਕੇ ਕੱਢਿਆ ਪਾਣੀ ਪੀਣ ਦਾ ਆਪਣਾ ਹੀ ਸੁਆਦ ਹੁੰਦਾ ਸੀ, ਜਿਸ ਨਾਲ ਸਰੀਰਕ ਕਸਰਤ ਵੀ ਹੁੰਦੀ ਸੀ ਪਰ ਜਿਉਂ- ਜਿਉਂ ਸਮਾਂ ਮਾਡਰਨ ਹੁੰਦਾ ਜਾਂਦਾ ਜਾ ਰਿਹਾ ਹੈ, ਤਿਉਂ-ਤਿਉਂ ਵਿਰਾਸਤੀ ਚੀਜ਼ਾਂ ਦੀ ਹੋਂਦ ਮਿਟਾਈ ਜਾ ਰਹੀ ਹੈ, ਜਿਸ ਕਰਕੇ ਖੂਹ ਵਾਲੀਆਂ ਟਿੰਡਾਂ ਤੋਂ ਬਾਅਦ ਹੱਥ ਨਲਕਿਆਂ ਬਾਰੇ ਆਉਣ ਵਾਲੀ ਪੀੜ੍ਹੀ ਕੇਵਲ ਤਸਵੀਰਾਂ ਰਾਹੀਂ ਹੀ ਜਾਣ ਸਕੇਗੀ।

RELATED ARTICLES
POPULAR POSTS