ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ 36,846 ਹਵਾਲਾਤੀਆਂ ਵਿੱਚੋਂ ਸਿਰਫ਼ 6,457 ਹੀ ਦੋਸ਼ੀ ਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਜੇਲ੍ਹਾਂ ਵਿੱਚ 82 ਫੀਸਦ ਤੋਂ ਵੱਧ ਕੈਦੀ ਵਿਚਾਰ ਅਧੀਨ ਹਨ, ਜੋ ਮੁਕੱਦਮਿਆਂ ਵਿੱਚ ਦੇਰੀ ਕਾਰਨ ਜੇਲ੍ਹਾਂ ਵਿੱਚ ਹਨ।
ਇਸ ਸਬੰਧੀ 20 ਮਈ ਤੱਕ ਪ੍ਰਾਪਤ ਅੰਕੜਿਆਂ ਮੁਤਾਬਕ 36,846 ਹਵਾਲਾਤੀਆਂ ਵਿੱਚੋਂ 30,339 ਵਿਚਾਰ ਅਧੀਨ ਹਨ। ਇਨ੍ਹਾਂ ਵਿੱਚੋਂ ਸਿਰਫ 6,457 ਹੀ ਦੋਸ਼ੀ ਕਰਾਰ ਦਿੱਤੇ ਗਏ ਹਨ।
ਵਿਚਾਰ ਅਧੀਨ ਕੈਦੀਆਂ ਵਿੱਚ 28,817 ਪੁਰਸ਼, 1,520 ਔਰਤਾਂ ਅਤੇ ਦੋ ਕਿੰਨਰ ਹਨ। ਇਕੱਲੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ 4,404 ਵਿੱਚੋਂ 3,489 ਵਿਚਾਰ ਅਧੀਨ ਕੈਦੀ ਹਨ। ਕਪੂਰਥਲਾ ਵਿੱਚ 3,750 ਅਤੇ ਅੰਮ੍ਰਿਤਸਰ ਵਿੱਚ 2,953 ਵਿਚਾਰ ਅਧੀਨ ਕੈਦੀ ਹਨ।
ਹਾਲਾਂਕਿ, ਕੁੱਲ ਜੇਲ੍ਹਾਂ ਵਿੱਚ ਬੰਦ ਔਰਤਾਂ ਦੀ ਗਿਣਤੀ ਕਾਫ਼ੀ ਘੱਟ ਹੈ ਪਰ 1,520 ਵਿਚਾਰ ਅਧੀਨ ਮਹਿਲਾਵਾਂ ਲੰਬੇ ਸਮੇਂ ਤੋਂ ਕਾਨੂੰਨੀ ਉਲਝਣਾਂ ਵਿੱਚ ਉਲਝੀਆਂ ਹੋਈਆਂ ਹਨ।
ਲੁਧਿਆਣਾ ਦੀ ਮਹਿਲਾ ਜੇਲ੍ਹ ਵਿੱਚ 226 ਵਿਚਾਰ ਅਧੀਨ ਅਤੇ 69 ਦੋਸ਼ੀ ਕਰਾਰ ਦਿੱਤੀਆਂ ਜਾ ਚੁੱਕੀਆਂ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਤਿੰਨ ਕਿੰਨਰਾਂ ਵਿੱਚੋਂ ਦੋ ਵਿਚਾਰ ਅਧੀਨ ਹਨ। ਮੁਕੱਦਮਿਆਂ ਵਿੱਚ ਦੇਰੀ ਦਾ ਮੁੱਖ ਕਾਰਨ ਗਵਾਹ ਵਜੋਂ ਪੇਸ਼ ਹੋਣ ਵਾਲੇ ਪੁਲਿਸ ਅਧਿਕਾਰੀਆਂ ਦੀ ਅਕਸਰ ਗੈਰਹਾਜ਼ਰੀ ਹੁੰਦੀ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਰੁਝਾਨ ਨੂੰ ‘ਨਿਆਂਇਕ ਅਧਿਕਾਰ ਦੀ ਘੋਰ ਉਲੰਘਣਾ’ ਕਰਾਰ ਦਿੱਤਾ ਹੈ। ਕਈ ਹੁਕਮਾਂ ਵਿੱਚ ਅਦਾਲਤ ਨੇ ਕਿਹਾ ਕਿ ਪੁਲਿਸ ਅਧਿਕਾਰੀ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀਂ ਹੁੰਦੇ ਜਿਸ ਕਾਰਨ ਵਿਚਾਰ ਅਧੀਨ ਕੈਦੀਆਂ ਨੂੰ ਲੰਮੇ ਸਮੇਂ ਤੱਕ ਜੇਲ੍ਹ ਵਿੱਚ ਰਹਿਣਾ ਪੈਂਦਾ ਹੈ।

