ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਲਗਾਤਾਰ ਅੱਜ 5ਵੇਂ ਦਿਨ ਵੀ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼ੇ੍ਰਣੀ ਵਿਚ ਦਰਜ ਕੀਤਾ ਗਿਆ। ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਦੇ ਮੁਤਾਬਕ ਅੱਜ ਐਤਵਾਰ ਸਵੇਰੇ 7 ਵਜੇ ਦਿੱਲੀ ਦੀਆਂ 14 ਲੋਕੇਸ਼ਨਾਂ ’ਤੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 400 ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਵਿਚ 37 ਫੀਸਦੀ ਪ੍ਰਦੂਸ਼ਣ ਦਿੱਲੀ ਅਤੇ ਨਾਲ ਲੱਗਦੇ ਸੂਬਿਆਂ ਵਿਚ ਪਰਾਲੀ ਸਾੜਨ ਨਾਲ ਹੋਇਆ ਹੈ। ਇਸੇ ਤਰ੍ਹਾਂ 12 ਫੀਸਦੀ ਪਲਿਊਸ਼ਨ ਦਾ ਕਾਰਨ ਗੱਡੀਆਂ ਵਿਚੋਂ ਨਿਕਲਣ ਵਾਲੇ ਕਾਰਬਨ ਕਰਕੇ ਹੈ। ਦਿੱਲੀ ਤੋਂ ਇਲਾਵਾ ਹਰਿਆਣਾ ਦੇ ਵੀ ਕਈ ਸ਼ਹਿਰਾਂ ਵਿਚ ਏਕਿਊਆਈ 400 ਦੇ ਕਰੀਬ ਪਹੁੰਚ ਗਿਆ ਹੈ। ਖਤਰਨਾਕ ਪ੍ਰਦੂਸ਼ਣ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਵਿਚ 5ਵੀਂ ਤੱਕ ਦੇ ਬੱਚਿਆਂ ਲਈ ਔਨਲਾਈਨ ਕਲਾਸਾਂ ਲਗਾਉਣ ਦਾ ਫੈਸਲਾ ਕੀਤਾ ਹੈ।