ਕਿਹਾ : ਪਾਕਿਸਤਾਨ ਨੂੰ ਗੁਆਂਢੀ ਮੁਲਕਾਂ ਤੋਂ ਅੱਗੇ ਲਿਆਂਦਾ ਜਾਵੇਗਾ
ਇਸਲਾਮਾਬਾਦ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਹਿਦ ਲਿਆ ਹੈ ਕਿ ਪਾਕਿਸਤਾਨ ਦੀ ਵਿਦੇਸ਼ੀ ਸਹਾਇਤਾ ‘ਤੇ ਨਿਰਭਰਤਾ ਛੇਤੀ ਖਤਮ ਕੀਤੀ ਜਾਵੇਗੀ। ਆਰਥਿਕ ਸੁਧਾਰਾਂ ਦੇ ਖਾਕੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਖਰਚੇ ਘਟਾ ਕੇ ਅਤੇ ਆਰਥਿਕਤਾ ਨੂੰ ਨਵੇਂ ਸਿਰੇ ਤੋਂ ਹੁਲਾਰਾ ਦੇ ਕੇ ਪਾਕਿਸਤਾਨ ਨੂੰ ਗੁਆਂਢੀ ਮੁਲਕਾਂ ਤੋਂ ਅਗਾਂਹ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਅਤਿਵਾਦੀ, ਤਸਕਰ, ਬਿਜਲੀ ਅਤੇ ਟੈਕਸ ਚੋਰ ਅਰਥਚਾਰੇ ਦਾ ਦੁਸ਼ਮਣ ਹੈ। ਕੌਮ ਦੇ ਨਾਮ ਆਪਣੇ ਸੰਬੋਧਨ ‘ਚ ਸ਼ਰੀਫ ਨੇ ਆਸ ਜਤਾਈ ਕਿ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਕੋਲ ਰਾਹਤ ਪੈਕੇਜ ਸਬੰਧੀ ਸਮਝੌਤਾ ਪਾਕਿਸਤਾਨ ਦੇ ਇਤਿਹਾਸ ਦਾ ਆਖਰੀ ਹੋਵੇਗਾ। ਪਾਕਿਸਤਾਨ ਸਰਕਾਰ ਆਈਐੱਮਐੱਫ ਤੋਂ 6 ਤੋਂ 8 ਅਰਬ ਡਾਲਰ ਦਾ ਕਰਜ਼ਾ ਲੈਣ ਲਈ ਗੱਲਬਾਤ ਕਰ ਰਹੀ ਹੈ।
ਸ਼ਰੀਫ ਨੇ ਕਿਹਾ ਕਿ ਹਰੇਕ ਪੈਸਾ ਦੇਸ਼ ਅਤੇ ਉਸ ਦੇ ਲੋਕਾਂ ਦੀ ਤਰੱਕੀ ਲਈ ਖਰਚਿਆ ਜਾਵੇਗਾ। ਉਨ੍ਹਾਂ ਪੰਜ ਸਾਲਾਂ ‘ਚ ਖਰਚੇ ਘਟਾਉਣ ਅਤੇ ਨੌਜਵਾਨਾਂ ਨੂੰ ਸਿੱਖਿਆ ਦੇਣ ਅਤੇ ਹੁਨਰਮੰਦ ਬਣਾਉਣ ਦੀ ਵਚਨਬੱਧਤਾ ਦੁਹਰਾਈ। ਆਪਣੀ ਸਰਕਾਰ ਦੇ 100 ਦਿਨ ਮੁਕੰਮਲ ਹੋਣ ‘ਤੇ ਸ਼ਰੀਫ ਦੇਸ਼ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੁਲਕਾਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪਾਕਿਸਤਾਨ ਕਰਜ਼ੇ ਲਈ ਨਹੀਂ ਸਗੋਂ ਵਪਾਰਕ ਸਬੰਧ ਕਾਇਮ ਕਰਨ ਦਾ ਇੱਛੁਕ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …