2.9 C
Toronto
Thursday, November 6, 2025
spot_img
Homeਪੰਜਾਬਅੰਮ੍ਰਿਤਸਰ ਲੋਕ ਸਭਾ ਹਲਕੇ 'ਚ ਕੁੱਲ 30 ਉਮੀਦਵਾਰ ਚੋਣ ਮੈਦਾਨ ਵਿੱਚ

ਅੰਮ੍ਰਿਤਸਰ ਲੋਕ ਸਭਾ ਹਲਕੇ ‘ਚ ਕੁੱਲ 30 ਉਮੀਦਵਾਰ ਚੋਣ ਮੈਦਾਨ ਵਿੱਚ

ਅੰਮ੍ਰਿਤਸਰ ‘ਚ ਚੋਣ ਮੁਕਾਬਲਾ ਬਹੁਕੋਣਾ ਹੋਣ ਦੇ ਅਸਾਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਲੋਕ ਸਭਾ ਹਲਕੇ ਵਾਸਤੇ ਹੁਣ ਸੱਤ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਕੁੱਲ 30 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਚਾਰ ਮਹਿਲਾਵਾਂ ਵੀ ਸ਼ਾਮਲ ਹਨ। ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ, ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ ਧਾਲੀਵਾਲ, ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ, ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ ਸਮੁੰਦਰੀ, ਬਸਪਾ ਵੱਲੋਂ ਵਿਸ਼ਾਲ ਸਿੱਧੂ, ਮਾਨ ਦਲ ਵੱਲੋਂ ਇਮਾਨ ਸਿੰਘ ਮਾਨ ਅਤੇ ਸੀਪੀਆਈ ਦੀ ਉਮੀਦਵਾਰ ਦਸਵਿੰਦਰ ਕੌਰ ਸ਼ਾਮਿਲ ਹਨ।
ਇਸ ਕਾਰਨ ਇਸ ਹਲਕੇ ਵਿੱਚ ਬਹੁ-ਕੋਣਾ ਮੁਕਾਬਲਾ ਹੋਵੇਗਾ ਲੇਕਿਨ ਜੇਕਰ ਸਿਆਸੀ ਮਾਹਿਰਾਂ ਦੀ ਮੰਨੀ ਜਾਵੇ ਤਾਂ ਮੁਕਾਬਲਾ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿਚਾਲੇ ਹੀ ਹੋਵੇਗਾ। ਇਨ੍ਹਾਂ ਵਿੱਚ ਭਾਜਪਾ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਸ਼ਾਮਿਲ ਹੈ। ਚਾਰੋਂ ਹੀ ਸਿਆਸੀ ਧਿਰਾਂ ਦੇ ਉਮੀਦਵਾਰਾਂ ਵੱਲੋਂ ਆਪੋ-ਆਪਣੀ ਜਿੱਤ ਵਾਸਤੇ ਲਗਾਤਾਰ ਸਖਤ ਮਿਹਨਤ ਕੀਤੀ ਜਾ ਰਹੀ ਹੈ। ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋ ਵਾਰ ਪਾਰਟੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਹਲਕੇ ਦਾ ਦੌਰਾ ਕਰ ਗਏ ਹਨ।
‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਹਾਲ ਹੀ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕੀਤਾ ਗਿਆ ਹੈ।
ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਵੱਲੋਂ ਫਿਲਹਾਲ ਆਪਣੇ ਪੱਧਰ ‘ਤੇ ਹੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਤੇ ਭਾਜਪਾ ਦੇ ਵੱਡੇ ਆਗੂ ਵੀ ਚੋਣ ਪ੍ਰਚਾਰ ਲਈ ਇੱਥੇ ਪੁੱਜਣਗੇ। ਇਸ ਵੇਲੇ ਚੋਣ ਪਿੜ ਵਿੱਚ ਚਾਰ ਔਰਤਾਂ ਵੀ ਉਮੀਦਵਾਰ ਵਜੋਂ ਨਿੱਤਰੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਸੀਪੀਆਈ ਦੀ ਦਸਵਿੰਦਰ ਕੌਰ, ਜੋ ਪਹਿਲਾਂ ਵੀ ਲੋਕ ਸਭਾ ਚੋਣ ਲੜ ਚੁੱਕੇ ਹਨ, ‘ਆਪ’ ਦੀ ਨਰਿੰਦਰ ਕੌਰ, ਆਜ਼ਾਦ ਉਮੀਦਵਾਰ ਵੱਜੋਂ ਸ਼ਰਨਜੀਤ ਕੌਰ ਤੇ ਨੀਲਮ ਸ਼ਾਮਿਲ ਹਨ।
ਇਸ ਵਾਰ ਕੁੱਲ 18 ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਜ਼ਿਲ੍ਹੇ ਦੇ ਚੋਣ ਅਧਿਕਾਰੀ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ। ਇਨ੍ਹਾਂ ਵਿੱਚ ਸ਼ਾਮਲ ਸ਼ਾਮ ਲਾਲ ਗਾਂਧੀ ਤੇ ਬਾਲ ਕ੍ਰਿਸ਼ਨ ਸ਼ਰਮਾ ਕਈ ਵਾਰ ਪਹਿਲਾਂ ਵੀ ਚੋਣ ਲੜ ਚੁੱਕੇ ਹਨ। ਇਸ ਵੇਲੇ ਭਾਵੇਂ ਸਖਤ ਗਰਮੀ ਪੈ ਰਹੀ ਪਰ ਇਸ ਦੇ ਬਾਵਜੂਦ ਚੋਣ ਪ੍ਰਚਾਰ ਦਾ ਪਿੜ ਵੀ ਲਗਾਤਾਰ ਭਖ ਰਿਹਾ ਹੈ। ਵਧੇਰੇ ਪੈ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਿਆਸੀ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੀ ਰਣਨੀਤੀ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਦੁਪਹਿਰ ਵੇਲੇ ਹੋਣ ਵਾਲੇ ਚੋਣ ਜਲਸਿਆਂ ਦੀ ਗਿਣਤੀ ਵਿੱਚ ਕਮੀ ਕੀਤੀ ਗਈ ਹੈ ਅਤੇ ਇਸ ਦੇ ਬਦਲੇ ਸ਼ਾਮ ਵੇਲੇ ਚੋਣ ਗਤੀਵਿਧੀ ਤੇਜ਼ ਕੀਤੀ ਗਈ ਹੈ।
ਹਫਤੇ ਦੇ ਆਖਰੀ ਦਿਨਾਂ ਜਾਂ ਛੁੱਟੀ ਵਾਲੇ ਦਿਨਾਂ ਵਿੱਚ ਸਵੇਰ ਵੇਲੇ ਜਨਤਕ ਥਾਵਾਂ ਤੇ ਜਾ ਕੇ ਉਮੀਦਵਾਰਾਂ ਵੱਲੋਂ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨਾਲ ਮੁਲਾਕਾਤ ਕਰਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ।

 

RELATED ARTICLES
POPULAR POSTS