ਸਕੂਲ-ਕਾਲਜ ਲਗਾਤਾਰ ਚੌਥੇ ਦਿਨ ਵੀ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼
ਬੰਗਾਲ ਦੀ ਖਾੜੀ ਵਿਚੋਂ ਉਠੇ ‘ਮਿਚੌਂਗ’ ਤੂਫਾਨ ਦੇ ਕਾਰਨ ਆਏ ਹੜ੍ਹ ਨਾਲ ਤਾਮਿਲਨਾਡੂ ਵਿਚ ਇਕ ਕਰੋੜ ਤੋਂ ਵੀ ਜ਼ਿਆਦਾ ਵਿਅਕਤੀ ਪ੍ਰਭਾਵਿਤ ਹੋਏ ਹਨ। ਤਾਮਿਲਨਾਡੂ ਦੀ ਰਾਜਧਾਨੀ ਚੇਨਈ, ਤਿਰੂਵਲੂਰ, ਕਾਂਚੀਪੁਰਮ ਅਤੇ ਚੇਂਗਲਪੱਟੂ ਜ਼ਿਲ੍ਹੇ ਵਿਚ ਹੜ੍ਹ ਕਾਰਨ ਸਭ ਤੋਂ ਜ਼ਿਆਦਾ ਤਬਾਹੀ ਹੋਈ ਹੈ। ਅੱਜ ਵੀਰਵਾਰ ਨੂੰ ਵੀ ਚੇਨਈ ਆਉਣ-ਜਾਣ ਵਾਲੀਆਂ 20 ਦੇ ਕਰੀਬ ਟਰੇਨਾਂ ਕੈਂਸਲ ਕੀਤੀਆਂ ਗਈਆਂ। ਧਿਆਨ ਰਹੇ ਕਿ ਚੇਨਈ ਵਿਚ ਲੰਘੀ 4 ਦਸੰਬਰ ਤੋਂ ਸਾਰੇ ਸਕੂਲ ਤੇ ਕਾਲਜ ਬੰਦ ਹਨ। ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਪਹੰੁਚਾਈ ਗਈ ਹੈ। ਡੀ.ਐਮ.ਕੇ. ਦੇ ਸੰਸਦ ਮੈਂਬਰ ਟੀ.ਆਰ. ਬਾਲੂ ਨੇ ਸੰਸਦ ਵਿਚ ਦੱਸਿਆ ਕਿ ਸੂਬੇ ਵਿਚ 47 ਸਾਲਾਂ ਬਾਅਦ ਅਜਿਹੇ ਹਾਲਾਤ ਬਣੇ ਹਨ। ਤੂਫਾਨ ਦੇ ਕਾਰਨ ਸੂਬੇ ਵਿਚ ਦੋ ਦਿਨਾਂ ਵਿਚ ਹੀ 3 ਮਹੀਨਿਆਂ ਜਿੰਨਾ ਮੀਂਹ ਪਿਆ ਹੈ। ਇਸ ਹੜ੍ਹ ਦੇ ਚੱਲਦਿਆਂ ਚੇਨਈ ਵਿਚ 20 ਦੇ ਕਰੀਬ ਵਿਅਕਤੀਆਂ ਦੀ ਜਾਨ ਵੀ ਚਲੇ ਗਈ ਹੈ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਚਾਰ ਦਿਨ ਤੋਂ ਬਿਜਲੀ ਅਤੇ ਇੰਟਰਨੈਂਟ ਵੀ ਬੰਦ ਹੈ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਵਿੱਤੀ ਰਾਹਤ ਪੈਕੇਜ ਦੀ ਮੰਗ ਵੀ ਕੀਤੀ ਸੀ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਚੱਕਰਵਾਤੀ ਤੂਫਾਨ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਸੀ।