ਕੈਨੇਡਾ ਦੇ ਮੰਤਰੀ ਅਮਰਜੀਤ ਸਿੰਘ ਸੋਹੀ ਵੀ ਹੋਏ ਨਤਮਸਤਕ
ਅੰਮ੍ਰਿਤਸਰ/ਬਿਊਰੋ ਨਿਊਜ਼
ਬੁੱਧ ਧਰਮ ਦੇ ਆਗੂ ਵੇਨ ਲਾਚੁੰਗ ਰਿਨਪੋਚੇ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਸੁਰਿੰਦਰ ਸਿੰਘ ਅਰੋੜਾ ਵੀ ਮੌਜੂਦ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਕੇਂਦਰ ਵਿੱਚ ਮੁੱਖ ਸਕੱਤਰ ਤੇ ਮੁੱਖ ਸੂਚਨਾ ਅਧਿਕਾਰੀ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਦਰਬਾਰ ਸਾਹਿਬ ਦਾ ਮਾਡਲ, ਸਿਰੋਪਾਓ ਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਰਿਨਪੋਚੇ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਦੇ ਦਰ ‘ਤੇ ਸਭ ਨੂੰ ਬਰਾਬਰ ਦਾ ਦਰਜਾ ਮਿਲਦਾ ਹੈ, ਜਿਸ ਨਾਲ ਭਾਈਚਾਰਕ ਸਾਂਝ ਦਾ ਸੁਨੇਹਾ ਮਿਲਦਾ ਹੈ। ਉਨ੍ਹਾਂ ਤੋਂ ਇਲਾਵਾ ਕੈਨੇਡਾ ਦੇ ਇਨਫਰਾਸਟਰਕਚਰ ਤੇ ਕਮਿਊਨਿਟੀ ਮੰਤਰੀ ਅਮਰਜੀਤ ਸੋਹੀ ਨੇ ਵੀ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਕੇਂਦਰ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਗੱਲਬਾਤ ਦੌਰਾਨ ਸੋਹੀ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਉਨ੍ਹਾਂ ਨੂੰ ਸ਼ਾਂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਨੂੰ ਭਾਗਾਂ ਵਾਲੇ ਸਮਝਦੇ ਹਨ ਕਿ ਉਨ੍ਹਾਂ ਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।
ਇਸੇ ਦੌਰਾਨ ਮਨਿਸਟਰੀ ਆਫ਼ ਅਰਬਨ ਡਿਵੈਲਪਮੈਂਟ ઠਦੇ ਜੁਆਇੰਟ ਸਕੱਤਰ ਬੀ. ਆਨੰਦ ਨੇ ਵੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਸੂਚਨਾ ਕੇਂਦਰ ਵਿੱਚ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਅੰਮ੍ਰਿਤਸਰ ਵਿੱਚ ਹਿਰਦੈ ਪ੍ਰਾਜੈਕਟ ਦਾ ਮੁਆਇਨਾ ਕਰਨ ਆਏ ਸਨ। ਉਨ੍ਹਾਂ ਕਿਹਾ ਕਿ 60 ਕਰੋੜ ਦੇ ਇਸ ਪ੍ਰਾਜੈਕਟ ਤਹਿਤ ਜਿੱਥੇ ਅੰਮ੍ਰਿਤਸਰ ਦੀ ਕਾਇਆ ਕਲਪ ਕੀਤੀ ਜਾਵੇਗੀ, ਉਥੇ ਦਰਬਾਰ ਸਾਹਿਬ ਨਾਲ ਲੱਗਦੀਆਂ ਸੜਕਾਂ ਅਤੇ ਇਸ ਦੇ ਆਲੇ-ਦੁਆਲੇ ਦਾ ਵਿਕਾਸ ਤੇ ਸੁੰਦਰੀਕਰਨ ਵਿਸ਼ੇਸ਼ ਤੌਰ ‘ਤੇ ਕੀਤਾ ਜਾਵੇਗਾ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …