Breaking News
Home / ਸੰਪਾਦਕੀ / ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਦਾ ਕਿਆਸ ਕਰਨਾ!

ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਦਾ ਕਿਆਸ ਕਰਨਾ!

ਭਗਤ ਪੂਰਨ ਸਿੰਘ ਕਹਿੰਦੇ ਹੁੰਦੇ ਸਨ ਕਿ ਦਰਖਤ ਧਰਤੀ ਦੇ ਫੇਫੜੇ ਹਨ, ਜੇ ਇਨ੍ਹਾਂ ਦੀ ਸੰਭਾਲ ਕਰੋਗੇ ਤਾਂ ਤੁਹਾਡੇ ਫੇਫੜੇ ਬਚੇ ਰਹਿਣਗੇ। ਤੇ ਸੱਚਮੁਚ ਮਹਾਨ ਵਾਤਾਵਰਨ ਚਿੰਤਕ ਤੇ ਸੇਵਾ ਦੇ ਪੁੰਜ ਦੇ ਇਹ ਕਥਨ ਅੱਜ ਪ੍ਰਤੱਖ ਹੋ ਗਏ ਹਨ। ਪਿਛਲੇ ਮਹੀਨਿਆਂ ਦੌਰਾਨ ਕਰੋਨਾ ਕਾਲ ਵਿਚ ਜਿਸ ਤਰ੍ਹਾਂ ਭਾਰਤ ਅਤੇ ਖਾਸ ਕਰਕੇ ਪੰਜਾਬ ਵਿਚ ਆਕਸੀਜਨ ਦੀ ਕਮੀ ਕਾਰਨ ਵੱਡੀ ਪੱਧਰ ‘ਤੇ ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਤੋਂ ਮਨੁੱਖਤਾ ਨੂੰ ਸਬਕ ਲੈਣ ਦੀ ਲੋੜ ਹੈ।
ਰੁੱਖਾਂ ਦੀ ਸਭ ਤੋਂ ਵੱਡੀ ਮਨੁੱਖਤਾ ਲਈ ਦੇਣ ਆਕਸੀਜਨ ਹੈ, ਜਿਸ ਦੇ ਸਦਕਾ ਮਨੁੱਖ ਜਿਊਂਦਾ ਹੈ। ਜੇਕਰ ਮਨੁੱਖੀ ਜੀਵਨ ਵਿਚ ਆਕਸੀਜਨ ਦੀ ਕੀਮਤ ਆਂਕਣੀ ਹੋਵੇ ਤਾਂ ਮੁੱਲ ਦੀ ਆਕਸੀਜਨ ਦਾ ਇਕ ਸਿਲੰਡਰ 750 ਰੁਪਏ ਦਾ ਆਉਂਦਾ ਹੈ ਅਤੇ ਇਕ ਮਨੁੱਖ 24 ਘੰਟਿਆਂ ਵਿਚ ਤਿੰਨ ਸਿਲੰਡਰ ਆਕਸੀਜਨ ਦੇ ਲੈ ਲੈਂਦਾ ਹੈ। ਇਕ ਸਾਲ ਵਿਚ ਇਕ ਮਨੁੱਖ 7 ਲੱਖ 66 ਹਜ਼ਾਰ ਅਤੇ ਜੇਕਰ ਔਸਤ ਉਮਰ 65 ਸਾਲ ਤੱਕ ਹੋਵੇ ਤਾਂ ਇਕ ਮਨੁੱਖ ਘੱਟੋ-ਘੱਟ 5 ਕਰੋੜ ਰੁਪਏ ਦੀ ਆਕਸੀਜਨ ਵਰਤਦਾ ਹੈ, ਜੋ ਕਿ ਰੁੱਖ ਸਾਨੂੰ ਮੁਫ਼ਤ ਵਿਚ ਦਿੰਦੇ ਹਨ। ਇਕ ਮਨੁੱਖ ਨੂੰ (65 ਸਾਲ) ਦੀ ਉਮਰ ਤੱਕ ਜਿਊਣ ਲਈ 16 ਭਰਪੂਰ ਰੁੱਖਾਂ ਦੀ ਮੌਜੂਦਗੀ ਜਿੰਨੀ ਆਕਸੀਜਨ ਦੀ ਲੋੜ ਹੈ। ਇਕ ਸਕੇਅਰ ਕਿਲੋਮੀਟਰ ਜੰਗਲ ਇਕ ਸਾਲ ਵਿਚ 6 ਟਨ ਜ਼ਹਿਰੀਲੀਆਂ ਗੈਸਾਂ ਨੂੰ ਨਿਗਲ ਲੈਂਦਾ। ਪਰ ਬਦਲੇ ਵਿਚ ਅਸੀਂ ਰੁੱਖਾਂ ਨੂੰ ਕੀ ਦਿੰਦੇ ਹਾਂ?
ਕੌਮਾਂਤਰੀ ਨੇਮਾਂ ਮੁਤਾਬਕ ਧਰਤੀ ਦਾ 33 ਫੀਸਦੀ ਖੇਤਰ ਰੁੱਖਾਂ ਹੇਠ ਹੋਣਾ ਚਾਹੀਦਾ ਹੈ। ਜਦੋਂਕਿ ਭਾਰਤ ਵਿਚ 17.1 ਤੇ ਪੰਜਾਬ ਵਿਚ ਸਿਰਫ 3.4 ਧਰਤੀ ਹੀ ਜੰਗਲਾਤ ਹੇਠ ਹੈ।
ਪੰਜਾਬ ਵਿਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਇਕੱਲੇ ਸਰਕਾਰੀ ਅੰਕੜੇ ਅਨੁਸਾਰ ਹੀ 7 ਕਰੋੜ ਰੁੱਖ ਵੱਢੇ ਜਾ ਚੁੱਕੇ ਹਨ। ਪੰਜਾਬ ਦੀਆਂ ਸੜਕਾਂ ਨੂੰ ਚਾਰ ਮਾਰਗੀ ਬਣਾਉਣ ਦੀ ਹਨੇਰੀ ਵਿਚ ਪਿਛਲੇ ਅੱਠ-ਦਸ ਸਾਲਾਂ ਅੰਦਰ ਹੀ ਸੜਕਾਂ ਕੰਢਿਓਂ 9 ਲੱਖ ਤੋਂ ਵੱਧ ਸਰਕਾਰੀ ਦਰੱਖਤ ਵੱਢੇ ਜਾ ਚੁੱਕੇ ਹਨ, ਜਿਨ੍ਹਾਂ ਦੇ ਬਦਲੇ ਇਕ ਦਰੱਖਤ ਵੀ ਨਹੀਂ ਲਗਾਇਆ ਗਿਆ। ਦਰਿਆਵਾਂ ਨੂੰ ਅਸੀਂ ਰੇਤਾ, ਬੱਜਰੀ ਦੇ ਚੰਦਰੇ ਵਪਾਰ ਵਿਚ ਖਾ ਰਹੇ ਹਾਂ। ਪਹਾੜਾਂ ਨੂੰ ਭੂ-ਮਾਫ਼ੀਆ ਨਿਗਲ ਰਿਹਾ ਹੈ। ਕਾਦਰ ਨੇ ਕੁਦਰਤ ਦੀ ਸਿਰਜਣਾ 84 ਲੱਖ ਜੂਨ ਦੇ ਜੀਵਨ ਲਈ ਕੀਤੀ ਸੀ। ਪਰ ਅਸੀਂ ਸਿਰਫ਼ ਮਨੁੱਖੀ ਮੁਫ਼ਾਦਾਂ ਲਈ ਨਾ ਸਿਰਫ਼ ਬਾਕੀ ਜੀਵ-ਜੰਤੂਆਂ ਦਾ ਜੀਵਨ ਖ਼ਤਮ ਕਰ ਰਹੇ ਹਾਂ ਬਲਕਿ ਜਿਸ ਰੁੱਖ ਦੀ ਟਾਹਣੀ ‘ਤੇ ਬੈਠੇ ਹੋਏ ਹਾਂ ਉਸ ਨੂੰ ਹੀ ਵੱਢੀ ਜਾ ਰਹੇ ਹਾਂ। ਕੁਦਰਤ ਦਾ ਸੰਤੁਲਨ ਅਸੀਂ ਬੁਰੀ ਤਰ੍ਹਾਂ ਵਿਗਾੜ ਚੁੱਕੇ ਹਾਂ ਅਤੇ ਹੁਣ ਬਣਾਉਟੀ ਜੀਵਨ ਸਰੋਤਾਂ ਸਹਾਰੇ ਜੀਵਨ ਦੀ ਆਸ ਲਗਾਈ ਬੈਠੇ ਹਾਂ।
ਕਦੇ ਲੁਧਿਆਣਾ ਦੇ ਮੱਤੇਵਾੜਾ ਜੰਗਲ ਅਤੇ ਕਦੇ ਫਰੀਦਕੋਟ ਦੇ ਜੰਗਲ ਨੂੰ ਉਜਾੜ ਕੇ ਉਦਯੋਗਿਕ ਵਿਕਾਸ ਦੀਆਂ ਯੋਜਨਾਵਾਂ ਦਰਸਾਉਂਦੀਆਂ ਹਨ ਕਿ ਸਾਡੀਆਂ ਸਰਕਾਰਾਂ ਨੂੰ ਵੀ ਰੁੱਖਾਂ ਦੀ ਕਿੰਨੀ ਪਰਵਾਹ ਹੈ?
ਅੱਜ ਤੋਂ ਦਹਾਕਾ ਪਹਿਲਾਂ ਏਅਰ ਕੰਡੀਸ਼ਨਰ ਕਿਸੇ ਟਾਵੇਂ-ਟਾਵੇਂ ਘਰ ਵਿਚ ਹੁੰਦਾ ਸੀ। ਅੱਜ ਸ਼ਹਿਰਾਂ ਵਿਚ 70 ਫੀਸਦੀ ਘਰਾਂ ‘ਚ ਏਅਰ ਕੰਡੀਸ਼ਨਰ ਹਨ। ਇਕ-ਇਕ ਘਰ ਵਿਚ ਚਾਰ-ਚਾਰ ਏਅਰ ਕੰਡੀਸ਼ਨਰ। ਮੋਟਰ ਕਾਰਾਂ ਦਾ ਧੂੰਆਂ ਅਤੇ ਦਫ਼ਤਰਾਂ, ਘਰਾਂ, ਗੱਡੀਆਂ ਵਿਚ ਲੱਗੇ ਏਅਰ ਕੰਡੀਸ਼ਨਰ ਇਹੋ ਜਿਹੀਆਂ ਜ਼ਹਿਰੀਲੀਆਂ ਅਤੇ ਗਰਮ ਗੈਸਾਂ ਅਤੇ ਪ੍ਰਦੂਸ਼ਣ ਪੈਦਾ ਕਰ ਰਹੇ ਹਨ, ਜੋ ਸਾਨੂੰ ਪਰਾਵੈਂਗਣੀ ਕਿਰਨਾਂ ਤੋਂ ਬਚਾਉਣ ਵਾਲੀ ‘ਓਜੋਨ ਦੀ ਪਰਤ’ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਧਰਤੀ ਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਵੱਧ ਰਿਹਾ ਹੈ। ਕੁਦਰਤ ਨਾਲ ਖਿਲਵਾੜ ਕਰਕੇ ਅਸੀਂ ਬਣਾਉਟੀ ਸਾਧਨਾਂ ਨਾਲ ਕਿੰਨੀ ਕੁ ਦੇਰ ਜੀਅ ਸਕਾਂਗੇ? ਸਮਾਂ ਰਹਿੰਦੇ ਸਾਨੂੰ ਸੰਭਲ ਜਾਣਾ ਚਾਹੀਦਾ ਹੈ ਨਹੀਂ ਤਾਂ ਕੁਦਰਤ ਵਾਰ-ਵਾਰ ਮੌਕਾ ਨਹੀਂ ਦਿੰਦੀ। ਅਸੀਂ ਮੁਫ਼ਤ ਵਿਚ ਜੀਵਨ ਦਾਨ ਦੇਣ ਵਾਲੀ ਕੁਦਰਤ ਦੀ ਪ੍ਰਕਿਰਤੀ ਦਾ ਸਤਿਕਾਰ ਅਤੇ ਸੰਭਾਲ ਕਰੀਏ। ਸਾਡਾ ਜੀਵਨ ਅਜੋਕੇ ਆਧੁਨਿਕ ਸਾਧਨਾਂ, ਏਅਰ ਕੰਡੀਸ਼ਨਰਾਂ, ਮੋਟਰ ਕਾਰਾਂ, ਮਾਇਨਿੰਗ ਦੇ ਵਪਾਰਾਂ, ਭੂ-ਮਾਫ਼ੀਆ ਦੇ ਕੰਮਾਂ ਅਤੇ ਵੱਡੇ-ਵੱਡੇ ਉਸਾਰੇ ਜਾ ਰਹੇ ਕੰਕਰੀਟ ਦੇ ਜੰਗਲਾਂ ਵਿਚ ਨਹੀਂ ਹੈ, ਸਾਡਾ ਜੀਵਨ ਰੁੱਖਾਂ, ਹਵਾ, ਪਾਣੀ ਅਤੇ ਧਰਤੀ ਵਿਚ ਹੈ। ਇਨ੍ਹਾਂ ਨੂੰ ਨਾ ਸੰਭਾਲਿਆ ਤਾਂ ਇਤਿਹਾਸ ਦੇ ਵਰਕਿਆਂ ‘ਤੇ ਅਸੀਂ ਵੀ ਹੜੱਪਾ ਤੇ ਮੋਹੰਜੋਦੜੋ ਵਾਂਗ ਇਕ ਅਧਿਆਇ ਬਣ ਕੇ ਰਹਿ ਜਾਵਾਂਗੇ।
ਰੁੱਖਾਂ ਨੂੰ ਵੱਢ ਕੇ, ਧਰਤੀ ਦੀ ਹਿੱਕ ਨੂੰ ਲੂਹ ਕੇ ਅਸੀਂ ਜਿਹੜੇ ਥੋੜ੍ਹੇ ਪੈਸਿਆਂ ਦੀ ਬੱਚਤ ਕਰਦੇ ਹਾਂ ਉਸ ਦਾ ਖਮਿਆਜ਼ਾ ਸਾਨੂੰ ਦਵਾਈਆਂ ਦੇ ਰੂਪ ਵਿਚ ਹਜ਼ਾਰਾਂ ਰੁਪਏ ਦੇਕੇ ਭੁਗਤਣਾ ਪੈ ਰਿਹਾ ਹੈ। ਇਸੇ ਹਵਾ, ਪਾਣੀ ਅਤੇ ਮਿੱਟੀ ਦਾ ਸਤਿਕਾਰ ਕਰਨ ਦੀ ਤਾਗੀਦ ਸਾਨੂੰ ਸਾਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕੀਤੀ ਸੀ। ਸਾਨੂੰ ਗੁਰੂ ਦੇ ਕਹੇ ਸ਼ਬਦਾਂ ਦੀ ਅਵੱਗਿਆ ਨਹੀਂ ਕਰਨੀ ਚਾਹੀਦੀ। ਪਰ ਹਕੀਕਤ ਇੱਥੇ ਤਾਂ ਹੋਰ ਦੀ ਹੋਰ ਬਣੀ ਹੋਈ ਹੈ। ਇੱਥੇ ਜਿੱਥੇ-ਜਿੱਥੇ ਗੁਰੂ ਸਾਹਿਬਾਨ ਦੇ ਸਥਾਨ ਹਨ, ਜਿੱਥੇ ਜੰਗਲ ਸਨ, ਬੀੜਾਂ ਸਨ, ਝਿੜੀਆਂ ਸਨ, ਉਨ੍ਹਾਂ ਨੂੰ ਉਖਾੜ ਕੇ ਚਿੱਟੀਆਂ ਉੱਚੀਆਂ ਧੁੱਪ ਵਿਚ ਲਿਸ਼ਕਦੀਆਂ ਬਿਲਡਿੰਗਾਂ ਉਸਾਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ ਗੁਰੂ ਸ਼ਬਦ ਨੂੰ ਅਸੀਂ ਮੱਥੇ ਤਾਂ ਟੇਕਦੇ ਹਾਂ ਪਰ ਗੁਰੂ ਦੇ ਕਹੇ ਨੂੰ ਮੰਨਣ ਲਈ ਤਿਆਰ ਨਹੀਂ।
ਕੁਦਰਤੀ ਅਤੇ ਧਰਤੀ ਦੇ ਵਿਗਿਆਨ ਦੀ ਸਮਝ ਰੱਖਣ ਵਾਲੇ ਇਹ ਜਾਣਦੇ ਹਨ ਕਿ ਕੁਦਰਤ ਦੇ ਕੰਮ ਵਿਚ ਕੀਤੀ ਹੱਦੋਂ ਵੱਧ ਦਖ਼ਲਅੰਦਾਜ਼ੀ ਮਨੁੱਖ ਨੂੰ ਬੜੀ ਮਹਿੰਗੀ ਪੈਂਦੀ ਹੈ। ਸਾਡੇ ਦੇਸ਼ ਨੂੰ ਚਲਾਉਣ ਵਾਲੀ ਵਿਵਸਥਾ ਵਾਤਾਵਰਨ ਪ੍ਰਤੀ ਸੰਵੇਦਨਹੀਣ ਹੋਈ ਨਜ਼ਰ ਆਉਂਦੀ ਹੈ। ਸਾਡੇ ਦੇਸ਼ ਵਿਚ ਪਾਣੀ ਦੇ ਸੰਕਟ ਦੀ ਸ਼ੁਰੂਆਤ ਹੋ ਚੁੱਕੀ ਹੈ। ਪਰ ਇਸ ਸੰਕਟ ਪ੍ਰਤੀ ਸਾਡੀ ਨੀਂਦ ਅਜੇ ਵੀ ਬਰਕਰਾਰ ਹੈ। ਅਸੀਂ ਸੁੱਤੇ ਹੋਏ ਹਾਂ। ਜੇਕਰ ਸਾਨੂੰ ਕੋਈ ਇਸ ਪ੍ਰਤੀ ਜਗਾਉਣ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਸ ਨਾਲ ਵੀ ਦੁਰਵਿਵਹਾਰ ਕਰਨ ‘ਤੇ ਉਤਰ ਆਉਂਦੇ ਹਾਂ। ਸਾਨੂੰ ਸੋਚਣ ਦੀ ਲੋੜ ਹੈ, ਜਿਸ ਪਾਣੀ ਨੂੰ ਅਸੀਂ ਬਚਾਉਣਾ ਹੈ ਉਹ ਕਿਸ ਦਾ ਹੈ? ਆਓ, ਵਾਤਾਵਰਨ ਨੂੰ ਚੰਗਾ ਬਣਾਉਣ ਲਈ ਰੁੱਖ ਲਾਈਏ, ਰੁੱਖ ਪਾਲੀਏ ਅਤੇ ਰੁੱਖਾਂ ਦੇ ਵਢਾਂਗੇ ਦਾ ਵਿਰੋਧ ਕਰੀਏ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …