ਸੰਤ ਸੀਚੇਵਾਲ ਨੂੰ ਰਾਜ ਸਭਾ ਵਿਚ ਪੰਜਾਬੀ ਭਾਸ਼ਾ ’ਚ ਮੁਹੱਈਆ ਕਰਵਾਏ ਗਏ ਦਸਤਾਵੇਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਸਦ ਦਾ ਸਰਦ ਰੁੱਤ ਇਜਲਾਸ ਅੱਜ 7 ਦਸੰਬਰ ਯਾਨੀ ਬੁੱਧਵਾਰ ਤੋਂ ਸ਼ੁਰੂ ਹੋ ਗਿਆ ਹੈ। ਇਜਲਾਸ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਂ ਬੋਲੀ ਪੰਜਾਬੀ ਵਿਚ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੂੰ ਸੰਸਦ ਵਲੋਂ ਪੰਜਾਬੀ ’ਚ ਦਸਤਾਵੇਜ਼ ਮੁਹੱਈਆ ਕਰਵਾਏ ਗਏ। ਇਸ ਦੇ ਚੱਲਦਿਆਂ ਸੀਚੇਵਾਲ ਹੋਰਾਂ ਨੇ ਸਾਬਕਾ ਸਪੀਕਰ ਵੈਂਕਈਆ ਨਾਇਡੂ ਦਾ ਧੰਨਵਾਦ ਕੀਤਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸੰਤ ਸੀਚੇਵਾਲ ਨੇ ਰਾਜ ਸਭਾ ਦੇ ਇਜਲਾਸ ਦੌਰਾਨ ਪੰਜਾਬੀ ਭਾਸ਼ਾ ’ਚ ਦਸਤਾਵੇਜ਼ ਨਾ ਮਿਲਣ ਦਾ ਮੁੱਦਾ ਬਹੁਤ ਗੰਭੀਰਤਾ ਨਾਲ ਉਠਾਇਆ ਸੀ। ਉਸ ਵੇਲੇ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਖੇਤਰੀ ਭਾਸ਼ਾਵਾਂ ਦੀ ਵਕਾਲਤ ਕਰਦਿਆਂ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਵਿਚ ਮਾਂ ਬੋਲੀ ਵਿਚ ਕੰਮ ਕਰਨ ਦੀ ਗੱਲ ਕੀਤੀ ਸੀ। ਸੀਚੇਵਾਲ ਹੋਰਾਂ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਧਿਆਨ ਵਿਚ ਵੀ ਭਾਸ਼ਾ ਦੀ ਸਮੱਸਿਆ ਨੂੰ ਲਿਆਂਦਾ ਸੀ, ਜਿਸਦਾ ਹਾਂ ਪੱਖੀ ਹੁੰਗਾਰਾ ਵੀ ਮਿਲਿਆ ਸੀ। ਇਹ ਵੀ ਦੱਸਣਯੋਗ ਹੈ ਕਿ ਅੱਜ 7 ਦਸੰਬਰ ਤੋਂ ਸ਼ੁਰੂ ਹੋਇਆ ਸੰਸਦ ਦਾ ਸਰਦ ਰੁੱਤ ਇਜਲਾਸ ਤੈਅ ਪ੍ਰੋਗਰਾਮ ਅਨੁਸਾਰ 29 ਦਸੰਬਰ ਤੱਕ ਚੱਲੇਗਾ।