ਸੁਰੱਖਿਆ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ/ਬਿਊਰੋ ਨਿਊਜ਼
ਮਸ਼ਹੂਰ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਗੈਂਗਸਟਰਾਂ ਨੇ ਧਮਕੀ ਦਿੱਤੀ ਹੈ। ਇਸ ਧਮਕੀ ਨੂੰ ਫਿਰੌਤੀ ਮੰਗਣ ਅਤੇ ਹਥਿਆਰਾਂ ਵਾਲੇ ਗੀਤ ਨਾ ਗਾਉਣ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਕੁਝ ਸਮਾਂ ਪਹਿਲਾਂ ਗੈਂਗਸਟਰਾਂ ਦੇ ਕੁਝ ਸਾਥੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮਨਕੀਰਤ ਔਲਖ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ, ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੈਂਗਸਟਰ ਵੱਲੋਂ ਕਿਸੇ ਸ਼ੋਅ ਦੌਰਾਨ ਮਨਕੀਰਤ ਔਲਖ ’ਤੇ ਹਮਲਾ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਮਨਕੀਰਤ ਔਲਖ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਥੇ ਹੀ ਇਸ ਖੁਲਾਸੇ ਤੋਂ ਬਾਅਦ ਔਲਖ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਕੋਲੋਂ ਸਕਿਓਰਿਟੀ ਦੀ ਮੰਗ ਕਰ ਸਕਦੇ ਹਨ। ਮਨਕੀਰਤ ਔਲਖ ਤੋਂ ਇਲਾਵਾ 3 ਹੋਰ ਪੰਜਾਬੀ ਸਿੰਗਰ ਵੀ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਔਲਖ ਦੇ ਕਰੀਬੀ ਸਮਝੇ ਜਾਂਦੇ ਵਿੱਕੀ ਮਿੱਢੂਖੇੜਾ ਦਾ ਵੀ ਗੈਂਗਸਟਰਾਂ ਨੇ ਮੋਹਾਲੀ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਪੰਜਾਬੀ ਸਿੰਗਰ ਪਰਮੀਸ਼ ਵਰਮਾ ’ਤੇ ਵੀ ਗੋਲੀ ਚਲਾਈ ਗਈ ਸੀ ਅਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਤੋਂ ਵੀ ਫਿਰੌਤੀ ਮੰਗੀ ਜਾ ਚੁੱਕੀ ਹੈ।