ਜਿਨ੍ਹਾਂ ਟਰੱਕਾਂ ‘ਤੇ ਅਨਾਜ ਲਿਆਂਦਾ ਦਿਖਾਇਆ, ਉਹ ਨੰਬਰ ਮੋਟਰ ਸਾਈਕਲਾਂ ਦੇ ਨਿਕਲੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਹੋਏ ਅਨਾਜ ਘੁਟਾਲੇ ਸਬੰਧੀ ਕਾਂਗਰਸ ਨੇ ਅੱਜ ਨਵੇਂ ਤੱਥ ਪੇਸ਼ ਕੀਤੇ। ਪੰਜਾਬ ਸਰਕਾਰ ਨੇ ਜਿਨ੍ਹਾਂ ਟਰੱਕਾਂ ਰਾਹੀਂ ਅਨਾਜ ਮੰਡੀ ਤੋਂ ਗੁਦਾਮ ਤੱਕ ਪਹੁੰਚਿਆ ਸੀ, ਉਨ੍ਹਾਂ ਦੇ ਨੰਬਰਾਂ ਦਾ ਵੇਰਵਾ ਪੂਰੀ ਤਰ੍ਹਾਂ ਗ਼ਲਤ ਨਿਕਲਿਆ। ਜਿਨ੍ਹਾਂ ਟਰੱਕਾਂ ਰਾਹੀਂ ਸਰਕਾਰ ਨੇ ਕਣਕ ਲੈ ਕੇ ਜਾਣ ਦਾ ਦਾਅਵਾ ਕੀਤਾ ਸੀ, ਉਹ ਅਸਲ ਵਿੱਚ ਮੋਟਰ ਸਾਈਕਲਾਂ ਦੇ ਨੰਬਰ ਨਿਕਲੇ।
ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਨੇ ਉਹ ਮੋਟਰਸਾਈਕਲ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਿਸ ਦਾ ਨੰਬਰ ਟਰੱਕ ਬਣਾ ਕੇ ਦਰਜ ਕੀਤਾ ਗਿਆ ਸੀ। ਯਾਦ ਰਹੇ ਕਿ ਸੀਏਜੀ ਦੀ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਸੀ ਕਿ ਜਾਅਲੀ ਨੰਬਰ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਕੀਤੇ ਗਏ ਹਨ। ਕਾਂਗਰਸੀ ਵਿਧਾਇਕਾਂ ਨੇ ਇਹ ਮੋਟਰਸਾਈਕਲ ਅਕਾਲੀ ਦਲ ਨੂੰ ‘ਤੀਰਥ ਯਾਤਰਾ’ ਲਈ ਦਾਨ ਕਰ ਦਿੱਤਾ। ਕਾਂਗਰਸ ਇਸ ਮੋਟਰਸਾਈਕਲ ਨੂੰ ਪਟਿਆਲਾ ਤੋਂ ਲੈ ਕੇ ਆਈ ਹੈ ਤੇ ਇਸ ਨੂੰ ਆਗਾਮੀ ਰੈਲੀਆਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।