ਕਿਸਾਨ ਵੀਰਾਂ ਨੂੰ ਅੰਦੋਲਨ ’ਚ ਡਟੇ ਰਹਿਣ ਦੀ ਕੀਤੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਦੀ ਸਮੂਹ ਕਿਸਾਨ ਵੀਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਸਭਾ ਤੇ ਰਾਜ ਸਭਾ ਵਿੱਚ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਪਾਸ ਹੋਇਆ, ਉਸ ਲਈ ਸਮੂਹ ਕਿਸਾਨ ਵਧਾਈ ਦੇ ਪਾਤਰ ਹਨ। ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਭਾਵਨਾਤਮਕ ਅਪੀਲ ਕਰਦਿਆਂ ਕਿਹਾ ਕਿ 700 ਤੋਂ ਜ਼ਿਆਦਾ ਕਿਸਾਨਾਂ ਦੀ ਸ਼ਹੀਦੀ ਨੇ ਇਸ ਮੋਰਚੇ ਨੂੰ ਜਿੱਤ ਤਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਦਾ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਸ਼ੁਰੂ ਹੋਇਆ ਹੈ, ਉਸ ਸਮੇਂ ਤੋਂ ਹੁਣ ਤਕ ਹਰਿਆਣਾ ’ਚ 48 ਹਜ਼ਾਰ ਕਿਸਾਨ ਵੀਰਾਂ-ਭੈਣਾਂ ਤੇ ਬੱਚਿਆਂ ਉੱਪਰ ਮੁਕੱਦਮੇ ਦਰਜ ਕੀਤੇ ਗਏ ਹਨ। ਜੋ ਬਾਕੀ ਦੇਸ਼ ਦੇ ਹਿੱਸਿਆਂ ’ਚ ਮੁਕੱਦਮੇ ਦਰਜ ਹੋਏ ਨੇ, ਉਹ ਵੱਖਰੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਵੱਡੇ ਭਾਈ ਦਾ ਫਰਜ਼ ਬਣਦਾ ਹੈ ਛੋਟੇ ਭਾਈ ਨਾਲ ਅਤੇ ਬਾਕੀ ਦੇਸ਼ ਦੇ ਕਿਸਾਨਾਂ ਨਾਲ ਖੜ੍ਹਨ ਦਾ। ਡੱਲੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦੋਂ ਤਕ ਸਰਕਾਰ ਸਾਰੇ ਮੁਕੱਦਮੇ ਲਿਖਤੀ ਰੂਪ ਵਿੱਚ ਰੱਦ ਨਹੀਂ ਕਰਦੀ ਅਤੇ ਐਮਐਸਪੀ ਉੱਪਰ ਗਰੰਟੀ ਕਾਨੂੰਨ ਨਹੀਂ ਬਣਾਉਂਦੀ, ਬਿਜਲੀ ਸੋਧ ਬਿੱਲ ਅਤੇ ਪਰਾਲੀ ਕਾਨੂੰਨ ਨੂੰ ਰੱਦ ਨਹੀਂ ਕਰਦੀ, ਉਦੋਂ ਤਕ ਅੰਦੋਲਨ ’ਚ ਡਟੇ ਰਹਿਣ।