ਚੰਡੀਗੜ੍ਹ/ਬਿਊਰੋ ਨਿਊਜ਼
ਕੌਮੀ ਐਸ ਸੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਆਗੂ ਵਿਜੇ ਸਾਂਪਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਚਿੱਠੀ ਲਿਖੀ। ਚਿੱਠੀ ਰਾਹੀਂ ਉਨ੍ਹਾਂ ਨੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਸਿੰਘੂ ਬਾਰਡਰ ’ਤੇ ਬੇਅਦਬੀ ਦੇ ਦੋਸ਼ਾਂ ਤਹਿਤ ਨਿਹੰਗ ਸਿੰਘਾਂ ਵੱਲੋਂ ਕਤਲ ਕੀਤੇ ਗਏ ਲਖਬੀਰ ਸਿੰਘ ਦਾ ਭੋਗ ਸਿੱਖ ਮਰਿਆਦਾ ਅਨੁਸਾਰ ਪਾਇਆ ਜਾਵੇ। ਸਾਂਪਲਾ ਨੇ ਜਥੇਦਾਰ ਨੂੰ ਕਿਹਾ ਕਿ ਸ਼ਾਇਦ ਤੁਹਾਨੂੰ ਇਸ ਦੀ ਜਾਣਕਾਰੀ ਹੋਵੇਗੀ ਕਿ ਸਤਿਕਾਰ ਕਮੇਟੀ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਲਖਬੀਰ ਦੇ ਭੋਗ ਮੌਕੇ ਸਿੱਖ ਮਰਿਆਦਾ ਅਨੁਸਾਰ ਅਰਦਾਸ ਨਹੀਂ ਕਰਨ ਦਿੱਤੀ ਜਾਵੇਗੀ ਕਿਉਂਕਿ ਇਸ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਸਾਂਪਲਾ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਦੀ ਜਾਂਚ ਪੜਤਾਲ ਵਿਚ ਇਹ ਸਾਬਤ ਨਹੀਂ ਹੋ ਜਾਂਦਾ ਕਿ ਲਖਬੀਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਦੋਂ ਤੱਕ ਉਸ ਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ। ਤੁਹਾਨੂੰ ਦੱਸ ਦੇਈਏ ਕਿ ਲੰਘੀ 16 ਅਕਤੂਬਰ ਨੂੰ ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਨੇ ਲਖਬੀਰ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੇ ਸਸਕਾਰ ਮੌਕੇ ਵੀ ਪਿੰਡ ਵਿਚ ਤਣਾਅ ਪੈਦਾ ਹੋ ਗਿਆ ਸੀ ਕਿਉਂ ਕੁੱਝ ਲੋਕ ਕਹਿ ਰਹੇ ਸਨ ਕਿ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦੀ ਕੀਤੀ ਹੈ ਇਸ ਦਾ ਸਸਕਾਰ ਪਿੰਡ ਵਿਚ ਨਹੀਂ ਹੋਣ ਦਿੱਤਾ ਜਾਵੇਗਾ ਪ੍ਰੰਤੂ ਪੁਲਿਸ ਦੀ ਦੇਖ ਰੇਖ ਹੇਠ ਲਖਬੀਰ ਸਿੰਘ ਸਸਕਾਰ ਪਿੰਡ ਵਿਚ ਵੀ ਕਰ ਦਿੱਤਾ ਗਿਆ ਸੀ।