ਪਾਕਿ ‘ਚ ਰਚੀ ਸੀ ਪਠਾਨਕੋਟ ਹਮਲੇ ਦੀ ਸਾਜਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਪਠਾਨਕੋਟ ਵਿਚ ਫੌਜੀ ਹਵਾਈ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅਮਰੀਕਾ ਨੇ ਮੁੜ ਪਾਕਿਸਤਾਨ ਦੀ ਪੋਲ ਖੋਲ੍ਹੀ ਹੈ। ਪਠਾਨਕੋਟ ਹਵਾਈ ਅੱਡੇ ‘ਤੇ ਹੋਏ ਹਮਲੇ ਸਬੰਧੀ ਅਮਰੀਕਾ ਨੇ ਭਾਰਤ ਨੂੰ ਕੁਝ ਨਵੇਂ ਸਬੂਤ ਸੌਂਪੇ ਹਨ। ਇਨ੍ਹਾਂ ਸਬੂਤਾਂ ਤੋਂ ਸਾਫ਼ ਹੈ ਕਿ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ‘ਚ ਰਚੀ ਗਈ ਸੀ।
ਇਨ੍ਹਾਂ ਸਬੂਤਾਂ ਦੇ ਮੁਤਾਬਿਕ ਇਸ ਮਾਮਲੇ ‘ਚ ਅਮਰੀਕਾ ਨੇ ਭਾਰਤ ਨੂੰ ਕੁਝ ਅਹਿਮ ਸਬੂਤ ਸੌਂਪੇ ਹਨ। ਅਮਰੀਕਾ ਨੇ ਇਹ ਸਬੂਤ ਅਜਿਹੇ ਸਮੇਂ ਭਾਰਤ ਨੂੰ ਦਿੱਤੇ ਹਨ ਜਦੋਂ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਖਿਲਾਫ਼ ਪਠਾਨਕੋਟ ਹਮਲੇ ਸਬੰਧੀ ਦੋਸ਼ ਪੱਤਰ ਦਾਇਰ ਕਰਨ ‘ਤੇ ਵਿਚਾਰ ਕਰ ਰਹੀ ਹੈ। ਅਮਰੀਕਾ ਨੇ ਐਨ. ਆਈ.ਏ.ਨੂੰ ਜਾਣਕਾਰੀ ਦਿੱਤੀ ਹੈ ਕਿ ਜਨਵਰੀ ਵਿਚ ਹਵਾਈ ਅੱਡੇ ‘ਤੇ ਹੋਏ ਹਮਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਹੈਂਡਲਰਾਂ ਦੇ ਫੇਸਬੁੱਕ ਦਾ ਆਈ. ਪੀ. ਐਡਰੈੱਸ ਅਤੇ ਜੈਸ਼ ਦੇ ਵਿੱਤੀ ਮਾਮਲਿਆਂ ਦੀ ਦੇਖ-ਰੇਖ ਕਰਨ ਵਾਲੇ ਸੰਗਠਨ ਅਲ ਰਹਿਮਤ ਟਰੱਸਟ ਦੀ ਵੈੱਬਸਾਈਟ ਦਾ ਆਈ. ਪੀ. ਐਡਰੈੱਸ ਅਤੇ ਲੋਕੇਸ਼ਨ ਪਾਕਿਸਤਾਨ ਵਿਚ ਹੀ ਹੈ। ਅਮਰੀਕਾ ਦੀ ਜਾਂਚ ‘ਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਜੈਸ਼ ਦੇ ਹੈਂਡਲਰ ਕਾਸ਼ਿਫ ਜਾਨ ਦੇ ਦੋਸਤਾਂ ਅਤੇ ਪਠਾਨਕੋਟ ਵਿਚ ਮਾਰੇ ਗਏ ਚਾਰੋ ਅੱਤਵਾਦੀਆਂ (ਨਾਸਿਰ ਹੁਸੈਨ, ਹਾਫੀਜ਼ ਅਬੂ ਬਕਰ, ਉਮਰ ਫਾਰੂਖ ਅਤੇ ਅਬਦੁਲ ਕਿਊਮ) ਨੇ ਜਿਸ ਫੇਸਬੁੱਕ ਗਰੁੱਪ ਦੀ ਵਰਤੋਂ ਕੀਤੀ ਸੀ ਉਹ ਜੈਸ਼ ਨਾਲ ਜੁੜੇ ਹੋਏ ਸਨ।
ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਰੀਆਂ ਵੈੱਬਸਾਈਟ ਅਤੇ ਇਨ੍ਹਾਂ ਦੇ ਆਈ.ਪੀ. ਐਡਰੈੱਸ ਦੀ ਲੋਕੇਸ਼ਨ ਪਾਕਿਸਤਾਨ ਦੀ ਹੈ ਅਤੇ ਪਠਾਨਕੋਟ ਹਮਲੇ ਦੇ ਸਮੇਂ ਇਨ੍ਹਾਂ ਨੂੰ ਅਪਲੋਡ ਕੀਤਾ ਗਿਆ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਸ਼ਿਫ ਜਾਨ ਜਿਸ ਫੇਸਬੁੱਕ ਅਕਾਊਂਟ ਦੀ ਵਰਤੋਂ ਕਰ ਰਿਹਾ ਸੀ ਉਹ ਉਸੇ ਨੰਬਰ ਨਾਲ ਜੁੜਿਆ ਹੋਇਆ ਸੀ, ਜਿਸ ‘ਤੇ ਅੱਤਵਾਦੀਆਂ ਨੇ ਪੰਜਾਬ ਪੁਲਿਸ ਦੇ ਐਸ. ਪੀ. ਸਲਵਿੰਦਰ ਸਿੰਘ ਨੂੰ ਅਗਵਾ ਕਰਨ ਪਿੱਛੋਂ ਪਠਾਨਕੋਟ ਤੋਂ ਫੋਨ ਕੀਤਾ ਸੀ। ਅੱਤਵਾਦੀਆਂ ਨੇ ਇਕ ਹੋਰ ਨੰਬਰ ‘ਤੇ ਵੀ ਫੋਨ ਕੀਤਾ ਸੀ। ਜਿਹੜਾ ‘ਮੁੱਲਾ ਦਾਦੁੱਲਾ’ ਦੇ ਫੇਸਬੁੱਕ ਅਕਾਊਂਟ ਨਾਲ ਜੁੜਿਆ ਹੋਇਆ ਸੀ। ਇਸ ਫੇਸਬੁੱਕ ਅਕਾਊਂਟ ਦੀ ਵਰਤੋਂ ਪਠਾਨਕੋਟ ਹਮਲੇ ਦੌਰਾਨ ਪਾਕਿਸਤਾਨ ਤੋਂ ਹੋ ਰਹੀ ਸੀ ਅਤੇ ਇਸ ਲਈ ਪਾਕਿਸਤਾਨ ਟੈਲੀਕਾਮ ਕੰਪਨੀਆਂ ਦੇ ਆਈ. ਪੀ. ਐਡਰੈੱਸ ਦੀ ਵਰਤੋਂ ਕੀਤੀ ਗਈ ਸੀ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …