ਕਿਸਾਨੀ ਸੰਘਰਸ਼ ਨੇ ਕੇਂਦਰ ਸਰਕਾਰ ਦੀ ਨੀਂਦ ਕੀਤੀ ਹਰਾਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਧਰਨੇ ਦੌਰਾਨ ‘ਏਆਈਸੀਸੀਟੀਯੂ’ ਦੇ ਕਾਰਕੁਨ ਗਾਜ਼ੀਪੁਰ ਧਰਨੇ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਕਿਸਾਨ ਸੰਘਰਸ਼ ਨਾਲ ਏਕਾ ਪ੍ਰਗਟਾਇਆ। ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਤਿੰਨੋਂ ਖੇਤੀ ਕਾਨੂੰਨ ਜਿੱਥੇ ਕਿਸਾਨਾਂ ਦੀਆਂ ਅਗਲੀਆਂ ਪੀੜ੍ਹੀਆਂ ਤਬਾਹ ਕਰ ਦੇਣਗੇ, ਉੱਥੇ ਹੀ ਮਜ਼ਦੂਰਾਂ ਸਮੇਤ ਹੋਰ ਛੋਟੇ ਵਪਾਰੀਆਂ, ਦੁਕਾਨਦਾਰਾਂ ਲਈ ਘਾਤਕ ਸਿੱਧ ਹੋਣਗੇ।
‘ਏਆਈਸੀਸੀਯੂ’ ਕਾਰਕੁਨਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਦੋਸ਼ ਲਾਇਆ ਕਿ ਉਹ ਕਾਰਪੋਰੇਟ ਹੱਥਾਂ ਵਿੱਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦੀਆਂ ਨੀਤੀਆਂ ਕਲਿਆਣਕਾਰੀ ਨਾ ਹੋ ਕੇ ਧਨਾਢਾਂ ਪੱਖੀ ਹਨ ਜਦੋਂ ਕਿ ਭਾਰਤੀ ਸੰਵਿਧਾਨ ਕਲਿਆਣਕਾਰੀ ਰਾਜ ਦੀ ਹਾਮੀ ਭਰਦਾ ਹੈ। ਕਾਰਕੁਨਾਂ ਨੇ ਗਾਜ਼ੀਪੁਰ ਬਾਰਡਰ ਉੱਤੇ ਡਟੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ, ਜਿਸ ਤੋਂ ਇਹ ਸਾਫ਼ ਹੋ ਗਿਆ ਕਿ ਕਿਸਾਨ ਮਜ਼ਦੂਰ ਏਕਤਾ ਨਾਲ ਹੀ ਇਹ ਮੋਰਚਾ ਜਿੱਤਿਆ ਜਾਵੇਗਾ। ਕਿਸਾਨ ਆਗੂਆਂ ਨੇ ਆਪਣੀਆਂ ਤਕਰੀਰਾਂ ਨਾਲ ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਦੇ ਮੱਧ ਤੇ ਪੂਰਬੀ ਹਿੱਸਿਆਂ ਵਿੱਚ ਅੰਦੋਲਨ ਘਰ-ਘਰ ਪੁੱਜਦਾ ਕਰਨ ਦੀ ਅਪੀਲ ਕੀਤੀ।ਕਿਸਾਨ ਆਗੂ ਨੇ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਮੇਤ ਕਰਨਾਟਕ ਤੇ ਕੇਰਲਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …