
ਵੀਡੀਓ ਸ਼ੋਸ਼ਲ ਮੀਡੀਆ ‘ਤੇ ਹੋਈ ਵਾਇਰਲ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿਚ ਸਥਿਤ ਇਕ ਡੇਰੇ ‘ਚ ਕਰੋਨਾ ਟੈਸਟ ਕਰਾਉਣ ਸਬੰਧੀ ਪ੍ਰੇਰਿਤ ਕਰਨ ਗਏ ਸਿਹਤ ਵਿਭਾਗ ਦੇ ਕਰਮਚਾਰੀ ਮਸਤਾਨ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸਦੀ ਦਸਤਾਰ ਵੀ ਲੱਥ ਗਈ। ਕੁੱਟਮਾਰ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਮਸਤਾਨ ਸਿੰਘ ਨੇ ਦੱਸਿਆ ਕਿ ਉਹ ਜਰਖੜ ‘ਚ ਹੈਲਥ ਵਰਕਰ ਵਜੋਂ ਕੰਮ ਕਰਦੇ ਹਨ ਅਤੇ ਉਸ ਨੂੰ ਪਿੰਡ ਖਾਨਪੁਰ ਸਥਿਤ ਡੇਰੇ ਵਿਚ ਕਰੋਨਾ ਦੇ ਸ਼ੱਕੀ ਮਾਮਲੇ ਵਿਚ ਪ੍ਰੇਰਿਤ ਕਰਕੇ ਲੋਕਾਂ ਨੂੰ ਲਿਆਉਣ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੇ ਉਸ ਨੂੰ ਨਹਿਰ ਵਿਚ ਸੁੱਟਣ ਦੀ ਗੱਲ ਵੀ ਕਹੀ ਅਤੇ ਬੰਧਕ ਵੀ ਬਣਾ ਲਿਆ ਸੀ। ਸਿਹਤ ਵਿਭਾਗ ਦੀ ਟੀਮ ਨੇ ਪਹੁੰਚ ਕੇ ਮਸਤਾਨ ਸਿੰਘ ਛੁਡਵਾਇਆ ਅਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਖਿਲਾਫ ਕੇਸ ਵੀ ਦਰਜ ਕਰ ਲਿਆ ਹੈ।