7 ਘੰਟਿਆਂ ਦੇ ਅਪ੍ਰੇਸ਼ਨ ਤੋਂ ਬਾਅਦ ਪੀਜੀਆਈ ਨੇ ਜੋੜਿਆਪੁਲਿਸ ਨੇ ਲੰਬੀ ਕਾਰਵਾਈ ਕਰਦਿਆਂ ਅਸਲੇ ਸਣੇ 11 ਕੀਤੇ ਗ੍ਰਿਫ਼ਤਾਰ
ਪਟਿਆਲਾ/ਬਿਊਰੋ ਨਿਊਜ਼
ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਸਨੌਰ ਕਸਬੇ ਦੀ ਪਟਿਆਲਾ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿਖੇ ਕਰਫ਼ਿਊ ਪਾਸ ਦਿਖਾਉਣ ਲਈ ਕਹੇ ਜਾਣ ਤੋਂ ਬਾਅਦ ਕਥਿਤ ਨਿਹੰਗਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਪੁਲਿਸ ਅਧਿਕਾਰੀ ਦਾ ਹੱਥ ਵੱਢਿਆ ਗਿਆ ਅਤੇ ਦੋ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 6 ਵਜੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਤੋਂ ਬਾਅਦ ਲਾਗਲੇ ਪਿੰਡ ਬਲਬੇੜ੍ਹਾ ਦੇ ਭੜਕੇ ਡੇਰੇ ਦੇ ਕਥਿਤ ਨਿਹੰਗਾਂ ਨੇ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦਾ ਹੱਥ ਕਿਰਪਾਨ ਨਾਲ ਵੱਢ ਕੇ ਅਲੱਗ ਕਰ ਦਿੱਤਾ, ਜਦੋਂ ਕਿ ਥਾਣਾ ਸਦਰ ਪਟਿਆਲਾ ਦੇ ਮੁਖੀ ਬਿੱਕਰ ਸਿੰਘ, ਸੁਖਵਿੰਦਰ ਸਿੰਘ ਤੇ ਰਾਜ ਕੁਮਾਰ ਨੂੰ ਜ਼ਖ਼ਮੀ ਕਰ ਦਿੱਤਾ। ਥਾਣੇਦਾਰ ਦਾ ਹੱਥ ਵੱਢਣ ਵਾਲੇ ਡੇਰੇਦਾਰ ਬਲਵਿੰਦਰ ਸਿੰਘ ਨੂੰ ਆਖ਼ਰ ਪੁਲਿਸ ਨੇ ਤਿੰਨ ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਡੇਰਾ ਮੁਖੀ, ਉਸ ਦੇ ਪੁੱਤਰ ਅਤੇ ਨੂੰਹ ਸਮੇਤ ਕੁੱਲ 11 ਵਿਅਕਤੀਆਂ ਨੂੰ ਡੇਰੇ ‘ਚੋਂ ਹਿਰਾਸਤ ਵਿਚ ਲਿਆ। ਪੁਲਿਸ ਵਲੋਂ ਡੇਰੇ ‘ਚੋਂ ਭਾਰੀ ਮਾਤਰਾ ਵਿਚ ਹਥਿਆਰ, ਪੈਟਰੋਲ ਬੰਬ, ਨਸ਼ੀਲੇ ਪਦਾਰਥ, ਰਸਾਇਣ ਦੀਆਂ ਬੋਤਲਾਂ, ਗੈਸ ਸਿਲੰਡਰ ਅਤੇ 35 ਲੱਖ ਦੇ ਕਰੀਬ ਨਕਦੀ ਬਰਾਮਦ ਕੀਤੀ ਗਈ ਹੈ। ਦੂਜੇ ਪਾਸੇ ਪੀਜੀਆਈ ‘ਚ ਚੱਲੇ ਲੰਬੇ 7 ਘੰਟੇ ਦੇ ਅਪ੍ਰੇਸ਼ਨ ਤੋਂ ਬਾਅਦ ਥਾਣੇਦਾਰ ਦਾ ਹੱਥ ਸਫ਼ਲਤਾਪੂਰਵਕ ਜੋੜ ਦਿੱਤਾ ਗਿਆ। ਇਸ ਦੌਰਾਨ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਆਖਿਆ ਕਿ ਉਕਤ ਟੋਲਾ ਕਿਸੇ ਵੀ ਨਿਹੰਗ ਜਥੇਬੰਦੀ ਨਾਲ ਸਬੰਧ ਨਹੀਂ ਰੱਖਦਾ। ਜਦੋਂਕਿ ਸਮੁੱਚੇ ਸਿਆਸੀ ਤੇ ਧਾਰਮਿਕ ਲੀਡਰਾਂ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ।