Breaking News
Home / ਦੁਨੀਆ / ਸ਼ੋਸ਼ਲ ਮੀਡੀਆ ਰਾਹੀਂ ਫਰਜ਼ੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ ‘ਚ ਫਸੇ 9 ਭਾਰਤੀ

ਸ਼ੋਸ਼ਲ ਮੀਡੀਆ ਰਾਹੀਂ ਫਰਜ਼ੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ ‘ਚ ਫਸੇ 9 ਭਾਰਤੀ

ਭਾਰਤੀ ਰਾਜਦੂਤ ਨੇ ਨੌਕਰੀ ਦੇ ਇੱਛੁਕ ਨੌਜਵਾਨ ਨੂੰ ਫਰਜ਼ੀ ਇਸ਼ਤਿਹਾਰਾਂ ਤੋਂ ਦੂਰ ਰਹਿਣ ਦੀ ਕੀਤੀ ਸੀ ਅਪੀਲ
ਦੁਬਈ/ਬਿਊਰੋ ਨਿਊਜ਼ : ਸੋਸ਼ਲ ਮੀਡੀਆ ਰਾਹੀਂ ਫਰਜੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ ਵਿਚ ਆਉਣ ਦੇ ਬਾਅਦ 9 ਭਾਰਤੀ ਸੰਯੁਕਤ ਅਰਬ ਅਮੀਰਾਤ ਵਿਚ ਫਸ ਗਏ ਹਨ। ਜਾਣਕਾਰੀ ਅਨੁਸਾਰ ਕੇਰਲ ਦੇ ਇਹ ਸਾਰੇ ਵਿਅਕਤੀ ਐਨ ਅਤੇ ਅਜਮਾਨ ਵਿਚ ਫਸੇ ਹਨ।
ਉਨ੍ਹਾਂ ਦਾ ਦਾਅਵਾ ਹੈ ਕਿ ਉਹ ਵੈਟਸਐਪ ਦੇ ਜ਼ਰੀਏ ਸ਼ਰੀਫ ਨਾਮਕ ਏਜੰਟ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਵਿਚ ਯਾਤਰੂ ਵੀਜ਼ਾ ਲਈ 70 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਸੀ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦ ਕੁਝ ਮਹੀਨੇ ਪਹਿਲੇ ਦੁਬਈ ਵਿਚ ਭਾਰਤੀ ਰਾਜਦੂਤ ਨੇ ਨੌਕਰੀ ਦੇ ਇੱਛੁਕ ਲੋਕਾਂ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਨੌਕਰੀ ਦਿਵਾਉਣ ਦੇ ਫਰਜੀ ਇਸ਼ਤਿਹਾਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ। ਦੂਤਘਰ ਨੇ ਕਿਹਾ ਕਿ ਨੌਕਰੀ ਹਾਸਲ ਕਰਨ ਦੇ ਇੱਛੁਕ ਲੋਕ ਨੌਕਰੀ ਦੀ ਅਜਿਹੀ ਫਰਜੀ ਪੇਸ਼ਕਸ਼ ਦੇ ਜਾਲ ਵਿਚ ਨਾ ਫਸਣ ਅਤੇ ਉਹ ਇਸ ਸਬੰਧ ਵਿਚ ਦੂਤਘਰ ਤੋਂ ਸਪੱਸ਼ਟੀਕਰਨ ਲੈ ਸਕਦੇ ਹਨ। ਦੁਬਈ ਵਿਚ ਫਸੇ 9 ਭਾਰਤੀਆਂ ‘ਚੋਂ ਇਕ ਕੇਰਲ ਦੇ ਮਲਪੁਰਮ ਨਿਵਾਸੀ ਫਾਜ਼ਿਲ ਨੇ ਕਿਹਾ ਕਿ ਕੇਰਲ ਵਿਚ ਇਕ ਵਟਸਐਪ ਸੰਦੇਸ਼ ਸ਼ੇਅਰ ਕੀਤਾ ਜਾ ਰਿਹਾ ਸੀ ਕਿ 15 ਦਿਨਾਂ ਦੇ ਅੰਦਰ ਯੂ.ਏ.ਈ. ਵਿਚ ਨੌਕਰੀ ਹਾਸਲ ਕਰੋ ਅਤੇ ਮੈਨੂੰ ਵੀ ਇਹ ਸੰਦੇਸ਼ ਮਿਲਿਆ। ਇਸ ਤੋਂ ਬਾਅਦ ਉਸ ਨੇ ਏਜੰਟ ਨਾਲ ਗੱਲਬਾਤ ਕੀਤੀ ਸੀ, ਜਿਸ ਨੇ ਉਸ ਨੂੰ ਐਨ ਵਿਚ ਇਕ ਸੁਪਰਮਾਰਕਿਟ ‘ਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ। ਉਸ ਨੇ ਅੱਗੇ ਕਿਹਾ ਕਿ ਏਜੰਟ ਨੇ ਮੈਨੂੰ ਕਿਹਾ ਕਿ ਮੈਨੂੰ 22,496 ਰੁਪਏ ਦੀ ਤਨਖਾਹ ਮਿਲੇਗੀ ਅਤੇ ਮੁਫ਼ਤ ਖਾਣਾ ਮਿਲੇਗਾ। ਫਾਜ਼ਿਲ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਦੇ ਗਹਿਣੇ ਗਿਰਵੀ ਕਰਕੇ ਪੈਸੇ ਏਜੰਟ ਨੂੰ ਦਿੱਤੇ। ਪਰ ਜਦ ਉਹ ਅਬੂ ਧਾਬੀ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਠੱਗੇ ਗਏ ਹਨ। ਇਨ੍ਹਾਂ 9ਵਿਚੋਂ ਇਕ ਹੋਰ ਭਾਰਤੀ ਮੁਹੰਮਦ ਰਫੀਕ ਨੇ ਕਿਹਾ ਕਿ ਹਵਾਈ ਅੱਡੇ ‘ਤੇ ਸਾਨੂੰ ਸਮੀਰ ਨਾਮਕ ਏਜੰਟ ਮਿਲਿਆ, ਜੋ ਸਾਡੇ ਵਿਚੋਂ 4 ਨੂੰ ਅਜਮਾਨ ਤੇ 5 ਨੂੰ ਐਨ ਵਿਚ ਲੈ ਗਿਆ। ਜਦ ਅਸੀਂ ਨੌਕਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਸੁਪਰਮਾਰਕਿਟ ਦਾ ਅਧਿਕਾਰੀ ਜੇਲ੍ਹ ਵਿਚ ਹੈ, ਤੁਹਾਨੂੰ ਨੌਕਰੀ ਖੁਦ ਤਲਾਸ਼ ਕਰਨੀ ਪਵੇਗੀ। ਹੁਣ ਇਨ੍ਹਾਂ ਭਾਰਤੀਆਂ ਦੀ ਮਦਦ ਲਈ ਭਾਰਤੀ ਦੂਤਘਰ ਅੱਗੇ ਆਇਆ ਹੈ।

Check Also

ਪਰਥ (ਆਸਟਰੇਲੀਆ) ਵਿੱਚ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਭੇਟ

ਸਿਡਨੀ/ਬਿਊਰੋ ਨਿਊਜ਼ : ਸਾਹਿਤ ਪ੍ਰੇਮੀਆਂ ਵੱਲੋਂ ਆਸਟਰੇਲੀਆ ਦੇ ਪਰਥ ਵਿੱਚ ਮਰਹੂਮ ਪੰਜਾਬੀ ਸ਼ਾਇਰ ਸੁਰਜੀਤ ਪਾਤਰ …