ਨਸ਼ਾ ਤਸਕਰਾਂ ਨਾਲ ਮਜੀਠੀਆ ਦੇ ਸਬੰਧ ਹੋਣ ਦਾ ਸਰਕਾਰ ਕੋਈ ਸਬੂਤ ਨਹੀਂ
ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਮਜੀਠੀਆ ਨੂੰ ਪਾਕਿ ਸਾਫ ਦੱਸਿਆ
ਫਰੀਦਕੋਟ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਿਹਾ ਕਿ ਨਸ਼ਾ ਤਸਕਰਾਂ ਨਾਲ ਬਿਕਰਮ ਮਜੀਠੀਆ ਦੇ ਸਬੰਧ ਹੋਣ ਸਬੰਧੀ ਸਰਕਾਰ ਕੋਲ ਕੋਈ ਵੀ ਸਬੂਤ ਨਹੀਂ ਹੈ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਨਵਜੋਤ ਸਿੱਧੂ ਵੀ ਕੁਝ ਢਿੱਲੇ ਜਿਹੇ ਪੈ ਗਏ ਹਨ। ਕਾਂਗਰਸ ਦੇ ਨਰਮ ਰਵੱਈਏ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸਾਫ ਹੋ ਗਿਆ ਹੈ, ਕਿ ਮਜੀਠੀਆ ਵਿਰੁੱਧ ਕੂੜ ਪ੍ਰਚਾਰ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਸੀ। ਹੁਣ ਜਾਂਚ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਨਿਰਦੋਸ਼ ਹਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਮਜੀਠੀਆ ਨੂੰ ਪਾਕਿ ਸਾਫ ਦੱਸਿਆ ਗਿਆ ਤੇ ਕਿਹਾ ਕਿ ਇੱਕ ਵਿਧਾਇਕ ਦੇ ਕਹਿਣ ਨਾਲ ਕੋਈ ਦੋਸ਼ੀ ਸਾਬਤ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਲਕੇ ਪੰਜਾਬ ਅਸੈਂਬਲੀ ਦੇ ਵਿਧਾਇਕ ਕਹਿਣਗੇ ਕਿ ਬਾਦਲਾਂ ਨੂੰ ਜੇਲ੍ਹ ਭੇਜ ਦੇਵੋ ਕਿਉਂਕਿ ਇਸ ਨਾਲ ਸਭ ਨੂੰ ਖੁਸ਼ੀ ਮਿਲਦੀ ਹੈ ਪਰ ਸਬੂਤਾਂ ਤੋਂ ਬਿਨਾ ਕਾਰਵਾਈ ਨਹੀਂ ਹੁੰਦੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਹੀ ਮਜੀਠੀਆ ਵਿਰੁੱਧ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਈਡੀ ਤੋਂ ਫਾਈਲ ਮੰਗਵਾਉਣ ਜਿਸ ਵਿਚ ਸਾਰੇ ਸਬੂਤ ਮੌਜੂਦ ਹਨ।