ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਚੋਣਾਂ ਲਈ ਮਾਲਵੇ ਵਿੱਚ ‘ਰੂੜੀ ਮਾਰਕਾ’ ਤਿਆਰ ਹੋਣ ਲੱਗੀ ਹੈ, ਜਿਸ ਕਰ ਕੇ ਰੁੜਕੀ ਦੇ ‘ਬਰਫ਼ੀ ਗੁੜ’ ਦੀ ਮੰਗ ਵਧ ਗਈ ਹੈ। ਕਰੀਬ ਵੀਹ ਦਿਨਾਂ ਵਿੱਚ ‘ਬਰਫ਼ੀ ਗੁੜ’ ਦੀ ਕੀਮਤ ਵਿੱਚ 150 ਰੁਪਏ ਦਾ ਵਾਧਾ ਹੋ ਗਿਆ ਹੈ। ਰੁੜਕੀ ਲਾਗਿਓਂ ਗੁੜ ਵੱਡੇ ਪੱਧਰ ‘ਤੇ ਮਾਲਵੇ ਦੀਆਂ ਮੰਡੀਆਂ ਵਿੱਚ ਪੁੱਜ ਰਿਹਾ ਹੈ। ਇਸ ਗੁੜ ਨੂੰ ਖ਼ਾਸ ਕਰਕੇ ਸ਼ਰਾਬ ਕੱਢਣ ਵਾਸਤੇ ਹੀ ਵਰਤਿਆ ਜਾਂਦਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਬੀੜ ਤਲਾਬ ਰੂੜੀ ਮਾਰਕਾ ਕੱਢਣ ਲਈ ਮਸ਼ਹੂਰ ਹੈ, ਜਿਥੋਂ ਚੱਲਦੀ ਭੱਠੀ ਪੁਲਿਸ ਅਤੇ ਆਬਕਾਰੀ ਅਫ਼ਸਰਾਂ ਨੇ ਫੜੀ ਹੈ।
ਬੀੜ ਤਲਾਬ ਦੀ ਬਸਤੀ ਨੰਬਰ ਤਿੰਨ ਵਿੱਚ ਸ਼ਰਾਬ ਕੱਢੀ ਜਾ ਰਹੀ ਸੀ। ਇੱਥੇ 60 ਲਿਟਰ ਸ਼ਰਾਬ, ਬਰਫ਼ੀ ਗੁੜ ਦੇ ਦੋ ਗੱਟੇ ਅਤੇ ਦੋ ਕੁਇੰਟਲ ਲਾਹਣ ਬਰਾਮਦ ਕੀਤੀ ਗਈ ਹੈ। ਦੋ ਦਿਨ ਪਹਿਲਾਂ ਹੀ ਤਿਉਣਾ ਪਿੰਡ ਦੀ ਜੂਹ ਵਿਚੋਂ 6.50 ਕੁਇੰਟਲ ਲਾਹਣ ਬਰਾਮਦ ਕੀਤੀ ਗਈ ਸੀ। ਸੂਤਰਾਂ ਮੁਤਾਬਕ ਪਿੰਡਾਂ ਵਿੱਚ ਬਹੁਤੇ ਲੋਕ ਆਗੂਆਂ ਤੋਂ ਚੋਣਾਂ ਦੌਰਾਨ ‘ਰੂੜੀ ਮਾਰਕਾ’ ਦੀ ਮੰਗ ਕਰਦੇ ਹਨ। ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੰਨਣਵਾਲਾ ਵਿੱਚੋਂ ਵੀ ਹਜ਼ਾਰਾਂ ਲੀਟਰ ਸ਼ਰਾਬ ਫੜੀ ਗਈ ਹੈ। ਬਠਿੰਡਾ ਦੇ ਇੱਕ ਗੁੜ ਵਪਾਰੀ ਨੇ ਦੱਸਿਆ ਕਿ ‘ਬਰਫ਼ੀ ਗੁੜ’ ਦੀ ਜ਼ਿਆਦਾ ਖ਼ਪਤ ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਬਠਿੰਡਾ, ਮਾਨਸਾ ਅਤੇ ਮੁਕਤਸਰ ਵਿੱਚ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਜਿਹੜਾ ਗੁੜ 3200 ਰੁਪਏ ਕੁਇੰਟਲ ਵਿਕ ਰਿਹਾ ਸੀ, ਉਸ ਦੀ ਕੀਮਤ ਹੁਣ 3350 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਪਤਾ ਲੱਗਾ ਹੈ ਕਿ ਮੌੜ ਮੰਡੀ, ਰਾਮਪੁਰਾ, ਸੰਗਤ, ਤਲਵੰਡੀ ਅਤੇ ਰਾਮਾਂ ਮੰਡੀ ਦੇ ਇਲਾਕੇ ਵਿੱਚ ‘ਬਰਫ਼ੀ ਗੁੜ’ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ। ਮਾਨਸਾ ਦੇ ਸਰਦੂਲਗੜ੍ਹ ਅਤੇ ਬੁਢਲਾਡਾ ਇਲਾਕੇ ਵਿੱਚ ਵੀ ਗੁੜ ਦੀ ਖ਼ਪਤ ਵਧੀ ਹੈ।
Check Also
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਭਲਕੇ 23 ਨਵੰਬਰ ਨੂੰ
ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚਾਰ ਵਿਧਾਨ …