Breaking News
Home / ਪੰਜਾਬ / ਲੋਕ ਸਭਾ ਚੋਣਾਂ : ‘ਆਪ’ ਵੱਲੋਂ ਬਾਦਲਾਂ ਦੇ ਹਲਕੇ ‘ਚ ‘ਸੰਨ੍ਹ’ ਲਾਉਣ ਦੀ ਤਿਆਰੀ

ਲੋਕ ਸਭਾ ਚੋਣਾਂ : ‘ਆਪ’ ਵੱਲੋਂ ਬਾਦਲਾਂ ਦੇ ਹਲਕੇ ‘ਚ ‘ਸੰਨ੍ਹ’ ਲਾਉਣ ਦੀ ਤਿਆਰੀ

ਆਮ ਆਦਮੀ ਪਾਰਟੀ 17 ਦਸੰਬਰ ਨੂੰ ਮੌੜ ਮੰਡੀ ‘ਚ ਕਰੇਗੀ ਰੈਲੀ
ਬਠਿੰਡਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਦਲਾਂ ਦੇ ਕਿਲੇ ਬਠਿੰਡਾ ਵਿੱਚ 17 ਦਸੰਬਰ ਨੂੰ ‘ਸੰਨ੍ਹ’ ਲਾਉਣ ਲਈ ਪਹੁੰਚ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਵੱਲੋਂ ਬਠਿੰਡਾ ਦੀ ਮੌੜ ਮੰਡੀ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਬਦਲੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਹਵਾ ਦਾ ਰੁਖ਼ ਆਪਣੇ ਵੱਲ ਕਰਨ ਲਈ ‘ਆਪ’ ਦੀ ਤਾਜ਼ਾ ਸਰਗਰਮੀ ਨੂੰ ਵਾਚਣ ਲਈ ਰਾਜਨੀਤਕ ਪੰਡਤ ਕਿਆਸਰਾਈਆਂ ‘ਚ ਰੁੱਝ ਗਏ ਹਨ।
ਜਾਣਕਾਰੀ ਅਨੁਸਾਰ ਪਹਿਲਾਂ ਇਸ ਰੈਲੀ ਲਈ ਗੋਨਿਆਣਾ ਰੋਡ ‘ਤੇ ਸਥਿਤ ਪਰਲਜ਼ ਕੰਪਨੀ ਦੀ ਕਲੋਨੀ ਦੀ ਚੋਣ ਕੀਤੀ ਗਈ ਸੀ ਪਰ ਮਗਰੋਂ ਇਸ ਦੇ ਵਿਵਾਦਾਂ ਨਾਲ ਜੁੜੇ ਹੋਣ ਕਰਕੇ ਭੁੱਚੋ ਮੰਡੀ ਅਤੇ ਹੁਣ ਮੌੜ ਮੰਡੀ ‘ਤੇ ਮੋਹਰ ਲਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਮੌੜ ਤੋਂ ਚੋਣ ਲੜਨ ਵਾਲੇ ਜਗਮੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਚੋਣ ਪਿੱੜ ‘ਚ ਨਿੱਤਰੇ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਬਠਿੰਡਾ (ਸ਼ਹਿਰੀ) ਤੋਂ ਚੋਣ ਲੜ ਚੁੱਕੇ ਸਰੂਪ ਚੰਦ ਸਿੰਗਲਾ ਹੁਣ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਹਨ। ਦੂਜੇ ਪਾਸੇ ਬੁਢਲਾਡਾ ਤੋਂ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੂਜੀ ਵਾਰ ਚੋਣ ਜਿੱਤੇ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੰਤਰੀ ਬਣੇ ਗੁਰਮੀਤ ਸਿੰਘ ਖੁੱਡੀਆਂ ਵੀ ਇਸੇ ਹਲਕੇ ਵਿੱਚ ਆਉਂਦੇ ਹਨ। ਪੰਜਾਬ ਵਿਧਾਨ ਸਭਾ ‘ਚ ਚੀਫ਼ ਵ੍ਹਿਪ ਪ੍ਰੋ. ਬਲਜਿੰਦਰ ਕੌਰ ਵੀ ਤਲਵੰਡੀ ਸਾਬੋ ਹਲਕੇ ਨਾਲ ਸਬੰਧਤ ਹਨ। ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਕਰੀਬ ਅੱਧੀ ਦਰਜਨ ਆਗੂਆਂ ਦੀ ਵੀ ਰੈਲੀ ਵਿੱਚ ਇਕੱਠ ਕਰਨ ਦੀ ਡਿਊਟੀ ਲਾਈ ਜਾ ਚੁੱਕੀ ਹੈ। ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਹਰ ਹਲਕੇ ‘ਚੋਂ ਘੱਟੋ-ਘੱਟ ਸੱਤ ਹਜ਼ਾਰ ਬੰਦੇ ਲਿਆਉਣ ਲਈ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ 2014 ਦੀਆਂ ਚੋਣਾਂ ਸਮੇਂ ਬਠਿੰਡਾ ਸੀਟ ਤੋਂ ਗਾਇਕ ਜੱਸੀ ਜਸਰਾਜ ‘ਆਪ’ ਵੱਲੋਂ ਉਮੀਦਵਾਰ ਸਨ ਅਤੇ ਉਨ੍ਹਾਂ ਨੂੰ 87,901 ਵੋਟਾਂ ਪਈਆਂ ਸਨ। 2019 ਦੀਆਂ ਚੋਣਾਂ ਸਮੇਂ ਪ੍ਰੋ. ਬਲਜਿੰਦਰ ਕੌਰ 1,34, 398 ਵੋਟਾਂ ਲੈ ਕੇ ਤੀਜੇ ਮੁਕਾਮ ‘ਤੇ ਰਹੇ ਸਨ।

 

Check Also

ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ

ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …