ਤਫ਼ਤੀਸ਼ੀ ਅਫ਼ਸਰਾਂ ਨੇ ਪ੍ਰਫਾਰਮੇ ਭਰ ਕੇ ਦੇਣ ਲਈ ਕਿਹਾ ਤੇ ਦਸਤਾਵੇਜ਼ ਮੰਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਿੰਜਾਈ ਵਿਭਾਗ ਦੇ ਸਾਬਕਾ ਸਕੱਤਰ ਅਤੇ ਸੇਵਾਮੁਕਤ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਤੋਂ ਲਗਪਗ ਦੋ ਪੜਾਵਾਂ ਵਿੱਚ ਤਿੰਨ ਘੰਟੇ ਪੁੱਛ-ਪੜਤਾਲ ਕੀਤੀ ਗਈ। ਪੰਨੂ ਨੂੰ ਸਿੰਜਾਈ ਘੁਟਾਲੇ ਦੀ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਇਸ ਸੇਵਾਮੁਕਤ ਅਧਿਕਾਰੀ ਪੰਨੂ ਨੇ ਸਪੱਸ਼ਟ ਕੀਤਾ ਕਿ ਸਿੰਜਾਈ ਵਿਭਾਗ ‘ਚ ਹੋਏ ਘੁਟਾਲੇ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਠੇਕੇਦਾਰ ਗੁਰਿੰਦਰ ਸਿੰਘ ਵੱਲੋਂ ਦਿੱਤੇ ਇਕਬਾਲੀਆ ਬਿਆਨ ਨੂੰ ਵੀ ਗ਼ਲਤ ਕਰਾਰ ਦਿੱਤਾ। ਪੰਨੂ ਨੇ ਖ਼ੁਦ ਨੂੰ ਬੇਕਸੂਰ ਤੇ ਪਾਕ ਦਾਮਨ ਵਾਲਾ ਅਫ਼ਸਰ ਕਰਾਰ ਦਿੱਤਾ। ਇਸ ਸੇਵਾਮੁਕਤ ਅਧਿਕਾਰੀ ਨੇ ਵਿਜੀਲੈਂਸ ਦੇ ਤਫ਼ਤੀਸ਼ੀ ਅਫਸਰਾਂ ਨੂੰ ਕਿਹਾ ਕਿ ਜਦੋਂ ਕੋਈ ਗ਼ਲਤ ਕੰਮ ਹੀ ਨਹੀਂ ਕੀਤਾ ਤਾਂ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਵਿਜੀਲੈਂਸ ਵੱਲੋਂ ਇਸ ਸਾਬਕਾ ਅਧਿਕਾਰੀ ਤੋਂ ਜੋ ਸਵਾਲ ਪੁੱਛੇ ਗਏ ਉਨ੍ਹਾਂ ਨਾਲ ਸਬੰਧਤ ਦਸਤਾਵੇਜ਼ ਸਿੰਜਾਈ ਵਿਭਾਗ ਤੋਂ ਹਾਸਲ ਕੀਤੇ ਜਾਣੇ ਹਨ। ਵਿਜੀਲੈਂਸ ਵੱਲੋਂ ਪੰਨੂ ਨੂੰ ਸਿੰਜਾਈ ਵਿਭਾਗ ਦਾ ਸਕੱਤਰ ਹੁੰਦੇ ਹੋਏ ਕੀਤੇ ਕੰਮਾਂ ਦਾ ਵਿਸਥਾਰ ਅਤੇ ਭੂਮਿਕਾ ਸਬੰਧੀ ਸਵਾਲ ਕੀਤੇ ਗਏ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਪੰਨੂ ਵਿਜੀਲੈਂਸ ਦੀ ਟੀਮ ਅੱਗੇ ਮੰਗਲਵਾਰ ਨੂੰ ਪਹਿਲਾਂ ਦੁਪਹਿਰ 12 ਵਜੇ ਅਤੇ ਫਿਰ ਸ਼ਾਮ ਨੂੰ ਚਾਰ ਵਜੇ ਪੇਸ਼ ਹੋਏ। ਵਿਜੀਲੈਂਸ ਅਧਿਕਾਰੀਆਂ ਵੱਲੋਂ ਸਿੰਜਾਈ ਵਿਭਾਗ ਦੇ ਸਾਬਕਾ ਸਕੱਤਰ ਤੋਂ ਕੁਝ ਦਸਤਾਵੇਜ਼ ਵੀ ਮੰਗੇ ਗਏ ਹਨ ਤੇ ਕੁਝ ਪ੍ਰਫਾਰਮੇ ਦਿੰਦਿਆਂ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਾਉਣ ਲਈ ਵੀ ਕਿਹਾ ਗਿਆ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਨੂ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਦੀ ਘੋਖ ਕੀਤੀ ਜਾਵੇਗੀ। ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਦੋ ਹੋਰ ਸੇਵਾਮੁਕਤ ਅਧਿਕਾਰੀਆਂ ਸਰਵੇਸ਼ ਕੌਸ਼ਲ ਅਤੇ ਕੇਬੀਐੱਸ ਸਿੱਧੂ ਨੂੰ ਵੀ ਪੁੱਛ-ਪੜਤਾਲ ਲਈ ਤਫਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਅਧਿਕਾਰੀ ਦੇ ਵਿਦੇਸ਼ ਵਿੱਚ ਹੋਣ ਦੇ ਚਰਚੇ ਹਨ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨਾਂ ਅਧਿਕਾਰੀਆਂ, ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਅਤੇ ਦੋਹਾਂ ਦੇ ਨਿੱਜੀ ਸਹਾਇਕਾਂ ਤੋਂ ਪੁੱਛਗਿੱਛ ਤੋਂ ਬਾਅਦ ਸਾਰੇ ਵਿਅਕਤੀਆਂ ਦੇ ਬਿਆਨਾਂ ਅਤੇ ਦਸਤਾਵੇਜ਼ਾਂ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਸਮੇਂ ਪੰਜਾਬ ਵਿਜੀਲੈਂਸ ਬਿਊਰੋ ਨੇ 17 ਅਗਸਤ 2017 ਨੂੰ ਧਾਰਾ 406, 409, 420, 467, 468, 471, 477, 120 ਬੀ ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਅਤੇ ਸਿੰਜਾਈ ਵਿਭਾਗ ਦੇ ਇੰਜਨੀਅਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …