ਕਿਹਾ : ਪਾਕਿਸਤਾਨ ਤੋਂ ਆ ਰਹੇ ਨੇ ਡਰੋਨ, ਪਰ ਪੰਜਾਬ ਦਾ ਗ੍ਰਹਿ ਵਿਭਾਗ ਬੇਖ਼ਬਰ
ਰਾਜਪੁਰਾ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਹੱਕ ਵਿਚ ਰਾਜਪੁਰਾ ’ਚ ਇਕ ਰੋਡ ਸ਼ੋਅ ਕੀਤਾ। ਅੱਜ ਇਥੋਂ ਦੇ ਸਾਬਕਾ ਕਾਂਗਰਸੀ ਆਗੂ ਅਤੇ ਲੋਕ ਭਲਾਈ ਟਰੱਸਟ ਦੇ ਚੇਅਰਮੈਨ ਜਗਦੀਸ਼ ਕੁਮਾਰ ਜੱਗਾ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਗੁਆਂਢੀ ਦੇਸ਼ ਪਾਕਿਸਤਾਨ ਤੋਂ ਲਗਾਤਾਰ ਡਰੋਨ ਅਤੇ ਭਾਰੀ ਮਾਤਰਾ ਵਿਚ ਹਥਿਆਰ ਆ ਰਹੇ ਹਨ। ਪ੍ਰੰਤੂ ਪੰਜਾਬ ਦਾ ਗ੍ਰਹਿ ਵਿਭਾਗ ਇਸ ਤੋਂ ਬੇਖਬਰ ਹੈ ਅਤੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਵਿਚ ਸਭ ਕੁਝ ਠੀਕ-ਠਾਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਟਿਫਿਨ ਬੰਬ ਬਰਾਮਦ ਹੋ ਰਹੇ ਹਨ, ਜਿਸ ਦੇ ਚਲਦਿਆਂ ਪੰਜਾਬ ਵਿਚ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਪਰ ਸੂਬੇ ਦੀ ਕਾਂਗਰਸ ਸਰਕਾਰ ਨੂੰ ਇਸ ਦੀ ਰਤਾ ਵੀ ਚਿੰਤਾ ਨਹੀਂ ਹੈ ਬਲਕਿ ਪੰਜਾਬ ਸਰਕਾਰ ਵੱਲੋਂ ਪਾਕਿਸਤਾਨ ਤੋਂ ਆਏ ਡਰੋਨਾਂ ਦੀ ਜਾਣਕਾਰੀ ਲੁਕੋਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਕਦੇ ਫੌਜ ਦੀ ਵਰਦੀ ਵੀ ਨਹੀਂ ਦੇਖੀ ਹੋਵੇਗੀ ਉਹ ਗ੍ਰਹਿ ਵਿਭਾਗ ਨੂੰ ਕੀ ਦੇਖਣਗੇ। ਉਨ੍ਹਾਂ ਨਾਲ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ ਸਰਕਾਰ ਦੱਸਿਆ ਅਤੇ ਕਿਹਾ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸਿਰਫ਼ ਚੰਦ ਦਿਨਾਂ ਦੀ ਮਹਿਮਾਨ ਰਹਿ ਗਈ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਪੂਰੀ ਤਰ੍ਹਾਂ ਸੂਪੜਾ ਸਾਫ਼ ਹੋ ਜਾਵੇਗਾ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …