ਕਿਹਾ – ਜਾਂਚ ਟੀਮ ਨੂੰ ਕੋਈ ਵਿਅਕਤੀ ਸਹਿਯੋਗ ਨਹੀਂ ਕਰੇਗਾ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਨਵੀਂ ਐੱਸਆਈਟੀ ਨੂੰ ਮੁਤਵਾਜੀ ਜੱਥੇਦਾਰ ਧਿਆਨ ਸਿੰਘ ਮੰਡ ਨੇ ਮੁੱਢੋਂ ਰੱਦ ਕਰਦਿਆਂ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਠਿੰਡਾ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਜਥੇਦਾਰ ਮੰਡ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਨਵੀਂ ਜਾਂਚ ਟੀਮ ਨੂੰ ਕੋਈ ਵਿਅਕਤੀ ਸਹਿਯੋਗ ਨਹੀਂ ਕਰੇਗਾ ਤੇ ਕੋਈ ਵੀ ਗਵਾਹ ਜਾਂ ਸਿੱਖ ਆਗੂ ਜਾਂਚ ਟੀਮ ਕੋਲ ਬਿਆਨ ਦਰਜ ਨਹੀਂ ਕਰਵਾਏਗਾ।
ਜੇਕਰ ਕਿਸੇ ਵੀ ਗਵਾਹ ਜਾਂ ਸਿੱਖ ਆਗੂ ਨੇ ਨਵੀਂ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾਂ ਬਿਆਨ ਦਰਜ ਕਰਵਾਏ ਤਾਂ ਉਸ ਨੂੰ ਸਿੱਖ ਕੌਮ ਤੋਂ ਪਾਸੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਜੁੱਤੀਆਂ ਘਸ ਗਈਆਂ ਇਨਸਾਫ ਦੀ ਲੜਾਈ ਲੜਦਿਆਂ, ਪਰ ਸਮੇਂ ਦੀਆਂ ਸਰਕਾਰਾਂ ਨੇ ਦੋਸ਼ੀਆਂ ਨੂੰ ਬਚਾਉਣ ‘ਚ ਕੋਈ ਕਸਰ ਨਹੀਂ ਛੱਡੀ।
ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਨਿਰਪੱਖਤਾ ਵਾਲੀ ਸੀ ਪਰ ਉਸ ਨੂੰ ਰੱਦ ਕਰ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅਜਿਹੇ ਹਾਲਾਤ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਸਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਵਿਸ਼ੇਸ਼ ਸੈਸ਼ਨ ਬੁਲਾ ਕੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਨੂੰ ਸਹੀ ਮੰਨਦੇ ਹੋਏ ਦੋਸ਼ੀਆਂ ਨੂੰ ਜਲਦ ਨੱਥ ਪਾਉਣ ਦੀ ਗੱਲ ਕਹੀ ਸੀ ਪਰ ਅਜਿਹਾ ਨਾ ਕਰਕੇ ਉਸ ਨੇ ਸਭ ਤੋਂ ਵੱਡਾ ਵਿਸ਼ਵਾਸਘਾਤ ਕੀਤਾ ਹੈ। ਇਸ ਲਈ ਹੁਣ ਸਿੱਖ ਆਗੂ ਇਨ੍ਹਾਂ ਜਾਂਚ ਟੀਮਾਂ ਨੂੰ ਕੋਈ ਸਹਿਯੋਗ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਜਾਂਚ ਟੀਮ ਰਿਪੋਰਟ ਪੇਸ਼ ਕਰੇਗੀ ਉਦੋਂ ਨੂੰ ਕੈਪਟਨ ਸਰਕਾਰ ਦਾ ਕਾਰਜਕਾਲ ਖ਼ਤਮ ਹੋ ਜਾਣਾ ਹੈ, ਫਿਰ ਇਸ ਜਾਂਚ ਟੀਮ ਦਾ ਕੀ ਮਕਸਦ ਰਹਿ ਗਿਆ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …