
ਏਅਰਫੋਰਸ ਨੇ ਹਰਿਆਣਾ ਸਰਕਾਰ ਨੂੰ ਦੱਸੀ ਆਪਣੀ ਪ੍ਰੇਸ਼ਾਨੀ
ਚੰਡੀਗੜ੍ਹ/ਬਿਊਰੋ ਨਿਊਜ਼
ਫਰਾਂਸ ਤੋਂ ਆ ਕੇ ਅੰਬਾਲਾ ਏਅਰ ਫੋਰਸ ਸਟੇਸ਼ਨ ‘ਤੇ ਤਾਇਨਾਤ ਕੀਤੇ ਗਏ ਰਾਫੇਲ ਜਹਾਜ਼ਾਂ ਲਈ ਅਜੀਬ ਖ਼ਤਰਾ ਪੈਦਾ ਹੋ ਗਿਆ ਹੈ। ਇਹ ਖ਼ਤਰਾ ਕਿਸੇ ਦੁਸ਼ਮਣ ਦੇਸ਼ ਤੋਂ ਨਹੀਂ ਬਲਕਿ ਅਸਮਾਨ ਵਿਚ ਉੱਡਣ ਵਾਲੇ ਪੰਛੀਆਂ ਤੋਂ ਪੈਦਾ ਹੋਇਆ ਹੈ। ਏਅਰਬੇਸ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਪੰਛੀ ਮੰਡਰਾਉਂਦੇ ਰਹਿੰਦੇ ਹਨ ਤੇ ਇਸ ਨਾਲ ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਰਾਫੇਲ ਦੀ ਉਡਾਣ ਲਈ ਵੀ ਖ਼ਤਰਾ ਪੈਦਾ ਹੋ ਗਿਆ ਹੈ। ਹੁਣ ਇਸ ਸਬੰਧ ਵਿਚ ਏਅਰਫੋਰਸ ਨੇ ਹਰਿਆਣਾ ਸਰਕਾਰ ਅੱਗੇ ਆਪਣੀ ਪਰੇਸ਼ਾਨੀ ਪ੍ਰਗਟਾਈ ਹੈ। ਏਅਰ ਮਾਰਸ਼ਲ ਵੱਲੋਂ ਹਰਿਆਣਾ ਸਰਕਾਰ ਨੂੰ ਲਿਖੇ ਗਏ ਪੱਤਰ ਵਿਚ ਕੂੜੇ ਨੂੰ ਹਟਾਉਣ ਦੇ ਤਰੀਕਿਆਂ ਬਾਰੇ ਵੀ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਕਰਕੇ ਜ਼ਿਆਦਾ ਪੰਛੀ ਆਉਂਦੇ ਹਨ। ਧਿਆਨ ਰਹੇ ਕਿ ਰਾਫੇਲ ਜਹਾਜ਼ ਆਉਂਦੀ 10 ਸਤੰਬਰ ਨੂੰ ਹਵਾਈ ਫੌਜ ਵਿਚ ਸ਼ਾਮਲ ਹੋਣਗੇ। ਫਰਾਂਸ ਤੋਂ ਪੰਜ ਰਾਫੇਲ ਜਹਾਜ਼ ਆਏ ਹਨ, ਜਿਨ੍ਹਾਂ ਨੂੰ ਅੰਬਾਲਾ ਏਅਰਬੇਸ ‘ਤੇ ਰੱਖਿਆ ਗਿਆ ਹੈ।