ਅੰਤ੍ਰਿੰਗ ਕਮੇਟੀ ਦਾ ਮਤਾ ਤੇ ਪੱਤਰ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸੌਂਪਿਆ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿਚੋਂ ਲਾਪਤਾ ਹੋਏ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਸ਼੍ਰੋਮਣੀ ਕਮੇਟੀ ਵਲੋਂ ਪਹਿਲੀ ਵਾਰ ਸੰਸਥਾ ਤੋਂ ਬਾਹਰੋਂ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਜਿਸ ਨੇ ਇਹ ਲਾਪਤਾ ਸਰੂਪਾਂ ਦਾ ਮਾਮਲਾ ਉਭਾਰਿਆ ਸੀ, ਨੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨਾਲ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦਾ ਮਤਾ ਅਤੇ ਇਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸੌਂਪ ਦਿੱਤਾ ਗਿਆ ਹੈ।ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਦੇ ਸੇਵਾਮੁਕਤ ਹੋਣ ‘ਤੇ ਸਾਹਮਣੇ ਆਏ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਨੇ ਅਤਿ ਗੰਭੀਰ ਮਾਮਲਾ ਕਰਾਰ ਦਿੰਦਿਆਂ ਇਸ ਦੀ ਨਿਰਪੱਖ ਜਾਂਚ ਕਰਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬਨੂੰ ਅਪੀਲ ਕੀਤੀ ਹੈ। ਅਜਿਹਾ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸਿੱਖ ਸੰਸਥਾ ਵਲੋਂ ਆਪਣੇ ਕਿਸੇ ਮਾਮਲੇ ਦੀ ਜਾਂਚ ਸੰਸਥਾ ਦੇ ਘੇਰੇ ਤੋਂ ਬਾਹਰ ਜਾ ਕੇ ਕਰਵਾਈ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮਤਾ ਪਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਸੇਵਾਮੁਕਤ ਸੀਨੀਅਰ ਸਿੱਖ ਜੱਜ ਜਾਂ ਕਿਸੇ ਪ੍ਰਮੁਖ ਸ਼ਖਸੀਅਤ ਕੋਲੋਂ ਕਰਾਈ ਜਾਵੇ।
ਇਸ ਤੋਂ ਇਲਾਵਾ ਗੁਰਦੁਆਰਾ ਰਾਮਸਰ ਵਿਖੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਮਈ 2016 ਨੂੰ ਲੱਗੀ ਅੱਗ ਦੇ ਮਾਮਲੇ ਵਿਚ ਪੁਲਿਸ ਕਰਮਚਾਰੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੀ ਬਿਆਨ ਕਲਮਬੰਦ ਕਰਵਾਉਣ ਲਈ ਆਖਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਅੱਗ ਲੱਗਣ ਨਾਲ ਅਤੇ ਪਾਣੀ ਦੀ ਵਾਛੜ ਕਾਰਨ ਕਿੰਨੇ ਸਰੂਪ ਨੁਕਸਾਨੇ ਗਏ ਸਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅੱਗ ਲੱਗਣ ਨਾਲ ਪੰਜ ਅਤੇ ਪਾਣੀ ਦੀ ਵਾਛੜ ਕਾਰਨ 9 ਸਰੂਪ (ਕੁਲ 14 ਸਰੂਪ) ਨੁਕਸਾਨੇ ਗਏ ਸਨ, ਜਿਨਾਂ ਦਾ ਗੋਇੰਦਵਾਲ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸਸਕਾਰ ਕੀਤਾ ਗਿਆ ਸੀ। ਪਰ ਨੁਕਸਾਨੇ ਗਏ ਸਰੂਪਾਂ ਦਾ ਵੀ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ 253 ਸਰੂਪਾਂ ਬਾਰੇ ਵੀ ਭੇਦ ਬਰਕਰਾਰ ਹੈ।
ਪਬਲੀਕੇਸ਼ਨ ਵਿਭਾਗ ਦਾ ਪ੍ਰਸ਼ਾਸਕੀ ਅਮਲਾ ਤਬਦੀਲ਼
ਅੰਮ੍ਰਿਤਸਰ:ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿਚੋਂ 267 ਪਾਵਨ ਸਰੂਪ ਘੱਟ ਹੋਣ ਦੇ ਮਾਮਲੇ ਵਿਚ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਮੁਤਾਬਕ ਪਬਲੀਕੇਸ਼ਨ ਵਿਭਾਗ ਦਾ ਪ੍ਰਸ਼ਾਸਕੀ ਅਮਲਾ ਬਦਲ ਦਿੱਤਾ ਗਿਆ, ਜਿਸ ਵਿੱਚ ਉੱਚ ਅਧਿਕਾਰੀਆਂ ਤੋਂ ਇਲਾਵਾ ਕਰਮਚਾਰੀ ਵੀ ਸ਼ਾਮਲ ਹਨ। ਜਦੋਂਕਿ ਤਕਨੀਕੀ ਕੰਮ ਕਰਨ ਵਾਲਾ ਅਮਲਾ ਉਥੇ ਹੀ ਰਹੇਗਾ।ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਿੱਜੀ ਸਕੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਬਦਲੇ ਗਏ ਅਮਲੇ ਵਿਚ ਗੋਲਡਨ ਆਫਸੈੱਟ ਪ੍ਰੈੱਸ ਦਾ ਮੈਨੇਜਰ, ਪਬਲੀਕੇਸ਼ਨ ਵਿਭਾਗ ਦਾ ਇੰਚਾਰਜ, ਮੀਤ ਸਕੱਤਰ ਅਤੇ ਸੁਪਰਵਾਈਜ਼ਰ ਤੇ ਹੋਰ ਸ਼ਾਮਲ ਹਨ। ਇਨਾਂ ਅਹੁਦਿਆਂ’ਤੇ ਪ੍ਰਸ਼ਾਸਕੀ ਅਧਿਕਾਰੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਨਿਯੁਕਤ ਕੀਤੇ ਗਏ ਹਨ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਫ਼ੈਸਲੇ ‘ਤੇ ਤਸੱਲੀ ਪ੍ਰਗਟਾਈ
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖ ਜਾਂਚ ਕਰਤਾ ਸਰਬਜੀਤ ਸਿੰਘ ਵੇਰਕਾ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨਾਲ ਤਸਲੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸੰਗਠਨ ਕੋਲ ਇਸ ਸਬੰਧੀ ਪੁਖਤਾ ਸਬੂਤ ਹਨ ਕਿ ਇਹ ਪਾਵਨ ਸਰੂਪ ਕਈ ਥਾਵਾਂ’ਤੇ ਬਿਨਾ ਲਿਖਤੀ ਪ੍ਰਵਾਨਗੀ ਭੇਜੇ ਗਏ ਹਨ, ਜਿਨਾਂ ਵਿਚ ਇੱਕ ਅਜਿਹਾ ਡੇਰਾ ਵੀ ਹੈ, ਜਿਸ ਬਾਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਹੁਦੇਦਾਰ ਵੱਲੋਂ ਦੁਹਾਈ ਵੀ ਦਿੱਤੀ ਗਈ ਹੈ। ਉਨਾਂ ਆਖਿਆ ਕਿ ਸੰਗਠਨ ਇਸ ਮਾਮਲੇ ਵਿਚ ਜਾਂਚ ਨੂੰ ਪੂਰਾ ਸਹਿਯੋਗ ਦੇਵੇਗਾ।
Home / ਪੰਜਾਬ / ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਬਾਹਰੋਂ ਕਰਾਏਗੀ ਸ਼੍ਰੋਮਣੀ ਕਮੇਟੀ
Check Also
ਹਰਿਆਣਾ ਸਰਕਾਰ ਫਿਲਹਾਲ ਕਿਸਾਨਾਂ ਨੂੰ ਦਿੱਲੀ ਜਾਣ ਦੀ ਨਹੀਂ ਦੇਵੇਗੀ ਆਗਿਆ
ਪ੍ਰਧਾਨ ਮੰਤਰੀ ਦੇ ਪਾਣੀਪਤ ਦੌਰੇ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : …