
ਚੰਡੀਗੜ੍ਹ, 3 ਸਤੰਬਰ: ਪੰਜਾਬ ਰਾਜ ਖੁਰਾਕ ਕਮਿਸ਼ਨ (ਪੀ.ਐਸ.ਐਫ.ਸੀ.) ਨੇ ਅੱਜ ਇੱਥੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮਗਸੀਪਾ) ਵਿਖੇ ਹੋਈ ਮੀਟਿੰਗ ਵਿੱਚ 7 ਸਤੰਬਰ ਨੂੰ ਮਗਸੀਪਾ ਵਿਖੇ ਦੋ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਪਹਿਲਾ ਸੈਮੀਨਾਰ ‘ਜਨਤਕ ਵੰਡ ਪ੍ਰਣਾਲੀ ਸੁਧਾਰਾਂ, ਪਾਰਦਰਸ਼ਤਾ, ਤਕਨਾਲੋਜੀ ਅਤੇ ਪੋਰਟੇਬਿਲਟੀ’ ਵਿਸ਼ੇ ’ਤੇ ਅਧਾਰਿਤ ਹੋਵੇਗਾ।
ਜਦਕਿ ਦੂਜਾ ਸੈਮੀਨਾਰ ਸਰਕਾਰ ਵੱਲੋਂ ਸਪਾਂਸਰਡ ਭੋਜਨ ਸਕੀਮਾਂ ਵਿੱਚ ਪੋਸ਼ਣ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇ ’ਤੇ ਕੇਂਦਰਿਤ ਹੋਵੇਗਾ।
ਇਸ ਤੋਂ ਇਲਾਵਾ 8 ਸਤੰਬਰ ਨੂੰ ਮਗਸੀਪਾ ਦੇ ਆਡੀਟੋਰੀਅਮ ਵਿੱਚ ਪਹਿਲਾ ਸੈਮੀਨਾਰ-ਕਮ-ਐਵਾਰਡ ਸਮਾਰੋਹ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਸਮਾਗਮ ਪੰਜਾਬ ਰਾਜ ਖੁਰਾਕ ਕਮਿਸ਼ਨ ਅਤੇ ਪੰਜਾਬ ਵਪਾਰ ਪ੍ਰਮੋਸ਼ਨ ਕੌਂਸਲ ਦੁਆਰਾ ਸਾਂਝੇ ਤੌਰ ’ਤੇ ਕਰਵਾਇਆ ਜਾਵੇਗਾ। ਇਹ ਇੱਕ-ਰੋਜ਼ਾ ਸੈਮੀਨਾਰ ਨੀਤੀ ਘਾੜਿਆਂ, ਉਦਯੋਗਿਕ ਮਾਹਿਰਾਂ, ਐਮਐਸਐਮਈਜ਼, ਸਟਾਰਟ ਅੱਪਸ ਅਤੇ ਸੰਸਥਾਗਤ ਭਾਈਵਾਲਾਂ ਨੂੰ ਇੱਕੋਂ ਥਾਂ ਇਕੱਠੇ ਕਰਕੇ ਫੂਡ ਪ੍ਰੋਸੈਸਿੰਗ ਖੇਤਰ ਨੂੰ ਪ੍ਰਫੁੱਲਿਤ ਕਰਨ ਵਿੱਚ ਮਦਦ ਕਰੇਗਾ।
ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਅੱਗੇ ਕਿਹਾ ਕਿ ਇਸ ਸਮਾਗਮ ਵਿੱਚ ਸੂਬੇ ਦੇ ਸਟਾਰਟ ਅੱਪ ਈਕੋਸਿਸਟਮ, ਉੱਦਮਾਂ ਦੀ ਸਹੂਲਤ ਅਤੇ ਵਿੱਤੀ ਸਹਾਇਤਾ ਦੇ ਨਾਲ-ਨਾਲ ਵਪਾਰਕ ਵਿਕਾਸ ਨੀਤੀ 2026 ਤਹਿਤ ਸੰਸਥਾਗਤ ਸਹਾਇਤਾ ਅਤੇ ਫੂਡ ਪ੍ਰੋਸੈਸਿੰਗ ਨੀਤੀ 2026 ’ਤੇ ਵੀ ਚਰਚਾ ਹੋਵੇਗੀ।
ਇਸ ਮੌਕੇ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਅਤੇ ਵਿਜੇ ਦੱਤ ਅਤੇ ਮੈਂਬਰ ਸਕੱਤਰ ਕਨੂ ਥਿੰਦ ਸ਼ਾਮਲ ਸਨ।

