Breaking News
Home / ਪੰਜਾਬ / ਸਿਕੰਦਰ ਸਿੰਘ ਮਲੂਕਾ ਦੇ ਭਾਜਪਾ ਵਿੱਚ ਜਾਣ ਦੇ ਆਸਾਰ

ਸਿਕੰਦਰ ਸਿੰਘ ਮਲੂਕਾ ਦੇ ਭਾਜਪਾ ਵਿੱਚ ਜਾਣ ਦੇ ਆਸਾਰ

ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਣਾਈ ਦੂਰੀ
ਬਠਿੰਡਾ/ਬਿਊਰੋ ਨਿਊਜ਼ : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੌਜੂਦਾ ਚੋਣ ਪ੍ਰਚਾਰ ਮੁਹਿੰਮ ਵਿੱਚ ਹੁਣ ਤੱਕ ਦੀ ਗ਼ੈਰ ਮੌਜੂਦਗੀ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ ਬਣ ਸਕਦੀ ਹੈ। ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਮੌੜ ਤੋਂ ਪਾਰਟੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਪਾਸੇ ਕੀਤੇ ਜਾਣ ਬਾਅਦ ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਰੋਕ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦਾ ਜੱਦੀ ਪਿੰਡ ਮਲੂਕਾ ਵਿਧਾਨ ਸਭਾ ਹਲਕਾ ਰਾਮਪੁਰਾ, ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ ਪੈਂਦਾ ਹੈ, ਪਰ ਬੀਤੇ ਦਿਨੀਂ ਇਸ ਹਲਕੇ ‘ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਪ੍ਰਚਾਰ ਸਮਾਗਮ ਵਿੱਚ ਵੀ ਉਨ੍ਹਾਂ ਦੀ ਗ਼ੈਰਹਾਜ਼ਰੀ ਰੜਕਦੀ ਰਹੀ।
ਇੱਥੋਂ ਤੱਕ ਕਿ ਸਿਕੰਦਰ ਸਿੰਘ ਮਲੂਕਾ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਈ ਚੋਣ ਮੈਨੀਫੈਸਟੋ ਕਮੇਟੀ ਵਿੱਚ ਵੀ ਸ਼ਾਮਲ ਨਹੀਂ ਹੋਏ, ਹਾਲਾਂਕਿ ਉਹ ਇਸ ਕਮੇਟੀ ਦੇ ਮੈਂਬਰ ਹਨ। 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸਿਕੰਦਰ ਸਿੰਘ ਮਲੂਕਾ ਪਹਿਲੀ ਵਾਰ ਰਾਜ ਮੰਤਰੀ ਅਤੇ ਫਿਰ ਕੈਬਨਿਟ ਮੰਤਰੀ ਬਣੇ। ਭਾਵੇਂ ਸਿਕੰਦਰ ਸਿੰਘ ਮਲੂਕਾ 2002 ਅਤੇ 2007 ਵਿੱਚ ਚੋਣਾਂ ਹਾਰ ਗਏ ਸਨ ਪਰ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ। ਪਾਰਟੀ ਨੇ ਸਿਕੰਦਰ ਸਿੰਘ ਮਲੂਕਾ ਨੂੰ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਬਣਾਇਆ ਸੀ, ਜਿਨ੍ਹਾਂ ਦੀ ਅਗਵਾਈ ਹੇਠ ਦਸ ਸਾਲ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ, ਜਿਸ ਸਦਕਾ ਸਿਕੰਦਰ ਸਿੰਘ ਮਲੂਕਾ ਦੀ ਬਠਿੰਡਾ, ਮਾਨਸਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਚੰਗੀ ਪਕੜ ਹੈ। ਇਸ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਬਨਿਟ ਮੰਤਰੀ ਤੋਂ ਇਲਾਵਾ ਕਈ ਅਹਿਮ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦਾ ਜਨਤਕ ਆਧਾਰ ਵੀ ਚੰਗਾ ਹੈ। ਦੂਜੇ ਪਾਸੇ ਇੱਕ ਸਮਾਗਮ ਵਿੱਚ ਬੋਲਦਿਆਂ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਹਲਕਾ ਇੰਚਾਰਜ ਹਰਿੰਦਰ ਸਿੰਘ ‘ਹਿੰਦਾ ਮਹਿਰਾਜ’ ਨੇ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਕਿਸੇ ਨਿੱਜੀ ਕੰਮ ਕਾਰਨ ਬਾਹਰ ਗਏ ਹੋਏ ਹਨ, ਉਹ ਅਗਲੀਆਂ ਮੀਟਿੰਗਾਂ ਵਿੱਚ ਜ਼ਰੂਰ ਹਾਜ਼ਰ ਹੋਣਗੇ।
ਸਿਕੰਦਰ ਸਿੰਘ ਮਲੂਕਾ ਦੇ ਕਰੀਬੀ ਸੂਤਰਾਂ ਦਾ ਦਾਅਵਾ ਹੈ ਕਿ ਮਲੂਕਾ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਨੂੰਹ ਅਤੇ ਪੁੱਤਰ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਬਠਿੰਡਾ ਤੋਂ ਹਰਸਿਮਰਤ ਬਾਦਲ ਖ਼ਿਲਾਫ਼ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੀ ਹੈ।
ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਨੂੰਹ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਦੀ ਥਾਂ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਪਾਰਟੀ ਦਾ ਇੰਚਾਰਜ ਲਾਇਆ, ਉਦੋਂ ਤੋਂ ਮਲੂਕਾ ਚੋਣ ਪ੍ਰਚਾਰ ਤੋਂ ਗ਼ੈਰਹਾਜ਼ਰ ਹਨ।

 

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …