ਕੇਂਦਰ ਸਰਕਾਰ ਵਲੋਂ ਨਹਿਰੂ ਮੈਮੋਰੀਅਲ ਦਾ ਨਾਮ ਬਦਲਣ ’ਤੇ ਰਾਹੁਲ ਗਾਂਧੀ ਦੀ ਪ੍ਰਤੀਕਿਰਿਆ
ਨਹਿਰੂ ਜੀ ਦੀ ਪਹਿਚਾਣ ਆਪਣੇ ਕੰਮਾਂ ਕਰਕੇ : ਰਾਹੁਲ ਗਾਂਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਨਹਿਰੂ ਮੈਮੋਰੀਅਲ ਮਿਊਜ਼ੀਅਮ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਮਿਊਜ਼ੀਅਮ ਕਰਨ ’ਤੇ ਰਾਹੁਲ ਗਾਂਧੀ ਨੇ ਅੱਜ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਰਾਹੁਲ ਨੇ ਕਿਹਾ ਕਿ ਨਹਿਰੂ ਜੀ ਦੀ ਪਹਿਚਾਣ ਉਨ੍ਹਾਂ ਦੇ ਕੰਮਾਂ ਕਰਕੇ ਹੈ, ਨਾਮ ਕਰਕੇ ਨਹੀਂ। ਧਿਆਨ ਰਹੇ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਲੰਘੀ 15 ਅਗਸਤ ਨੂੰ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਸੁਸਾਇਟੀ ਕਰ ਦਿੱਤਾ ਹੈ। ਇਸ ਸਬੰਧੀ ਫੈਸਲਾ ਜੂਨ ਮਹੀਨੇ ਦੌਰਾਨ ਲਿਆ ਗਿਆ ਸੀ। ਕਾਂਗਰਸ ਪਾਰਟੀ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ। ਕਾਂਗਰਸੀ ਆਗੂ ਸੁਪ੍ਰੀਆ ਸ੍ਰੀਨੇਤ ਨੇ ਕਿਹਾ ਕਿ ਪੰਡਿਤ ਨਹਿਰੂ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ। ਉਨ੍ਹਾਂ ਨੇ ਆਈ.ਆਈ.ਐਮ., ਏ.ਆਈ.ਆਈ.ਐਮ.ਐਸ., ਆਈ.ਆਈ.ਟੀ. ਅਤੇ ਇਸਰੋ ਵਰਗੀਆਂ ਸੰਸਥਾਵਾਂ ਬਣਾਈਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਤਿਹਾਸ ਵਿਚ ਬਹੁਤ ਨੈਗੇਟਿਵ ਰੂਪ ’ਚ ਯਾਦ ਕੀਤਾ ਜਾਵੇਗਾ।