ਘੁਸਪੈਠ ਤੇ ਤਸਕਰੀ ਨਾਲ ਅਸਰਦਾਰ ਢੰਗ ਨਾਲ ਨਜਿੱਠ ਰਿਹਾ ਹੈ ਸੀਮਾ ਸੁਰੱਖਿਆ ਬਲ : ਨਿੱਤਿਆਨੰਦ ਰਾਏ
ਅੰਮ੍ਰਿਤਸਰ/ਬਿਊਰੋ ਨਿਊਜ਼ : ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਨੇ 58ਵਾਂ ਸਥਾਪਨਾ ਦਿਵਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ‘ਚ ਮਨਾਇਆ, ਜਿਸ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਪਰੇਡ ਤੋਂ ਸਲਾਮੀ ਲਈ।
ਪਰੇਡ ‘ਚ ਸ਼ਾਮਿਲ ਊਠ ਤੇ ਘੋੜ ਸਵਾਰ ਜਵਾਨਾਂ ਤੋਂ ਇਲਾਵਾ ਮਹਿਲਾ ਦਸਤੇ ਦੀ ਟੁਕੜੀ ਨੇ ਵੀ ਸ਼ਿਰਕਤ ਕੀਤੀ। ਸਥਾਪਨਾ ਦਿਵਸ ਮੌਕੇ ਬੀ. ਐਸ. ਐਫ. ਦੀ ਪਰੇਡ ਦੇਖਣ ਲਈ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ, ਬੀ. ਐਸ. ਐਫ. ਜਵਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦਰਸ਼ਕ ਗੈਲਰੀ ਪੂਰੀ ਭਰੀ ਹੋਈ ਸੀ ਤੇ ਪਰੇਡ ਪ੍ਰਤੀ ਕਾਫੀ ਉਤਸ਼ਾਹ ਪਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਕਿਹਾ ਕਿ ਸਰਹੱਦ ਪਾਰੋਂ ਹੁੰਦੀ ਘੁਸਪੈਠ ਤੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਲਈ ਬੀ.ਐਸ.ਐਫ. ਵਲੋਂ ਬਹਾਦਰੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 1 ਦਸੰਬਰ 1965 ਨੂੰ ਬੀ.ਐਸ.ਐਫ. ਦੀ ਸਥਾਪਨਾ ਹੋਈ ਸੀ, ਜਿਸ ਤੋਂ ਬਾਅਦ ਬਲ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ ਤੇ ਇਸ ਦੇ 1964 ਜਵਾਨਾਂ ਤੇ ਅਧਿਕਾਰੀਆਂ ਨੇ ਸਰਹੱਦ ‘ਤੇ ਡਿਊਟੀ ਨਿਭਾਉਂਦਿਆਂ ਦੇਸ਼ ਲਈ ਸ਼ਹਾਦਤ ਦਾ ਜਾਮ ਪੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਬੰਗਲਾਦੇਸ਼ ਦੀ ਸੀਮਾ ਤੋਂ ਇਲਾਵਾ ਬੀ.ਐਸ.ਐਫ. ਨੇ ਨਕਸਲਵਾਦੀਆਂ ਦਾ ਬਹਾਦਰੀ ਨਾਲ ਟਾਕਰਾ ਕੀਤਾ ਹੈ।
ਇਸ ਮੌਕੇ ਨਿੱਤਿਆਨੰਦ ਰਾਏ ਦਾ ਸਵਾਗਤ ਕਰਦਿਆਂ ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਬਲ ਵਲੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਬਹਾਦਰੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਲ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਆਪਣਾ ਸਥਾਪਨਾ ਦਿਵਸ ਬਹਾਦਰ ਵੀਰ-ਜਵਾਨਾਂ ਤੇ ਸੂਰਬੀਰਾਂ ਦੀ ਧਰਤੀ ਅੰਮ੍ਰਿਤਸਰ ‘ਚ ਮਨਾ ਰਿਹਾ ਹੈ।
ਉਨ੍ਹਾਂ ਸ਼ਹੀਦ ਹੋਏ ਜਵਾਨਾਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ।
ਉਨ੍ਹਾਂ ਕਿਹਾ ਕਿ ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ, ਗੁਜ਼ਰਾਤ ਤੇ ਬੰਗਲਾਦੇਸ਼ ਨਾਲ ਲਗਦੀ ਸਰਹੱਦ ‘ਤੇ ਡਟੇ ਜਾਂਬਾਜ ਜਵਾਨ 6 ਹਜ਼ਾਰ 386 ਕਿਲੋਮੀਟਰ ਲੰਬੀ ਸਰਹੱਦ ਦੀ ਰੱਖਿਆ ਲਈ ਦਿਨ ਰਾਤ ਤੱਤਪਰ ਰਹਿੰਦੇ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …