Breaking News
Home / ਪੰਜਾਬ / ਭਾਸ਼ਾਵਾਂ ਦਾ ਭਵਿੱਖ ਹਰ ਇੱਕ ਦੀਆਂ ਕੋਸ਼ਿਸ਼ਾਂ ਸਦਕਾ ਹੀ ਉੱਜਲ : ਡਾ. ਜੋਗਾ ਸਿੰਘ

ਭਾਸ਼ਾਵਾਂ ਦਾ ਭਵਿੱਖ ਹਰ ਇੱਕ ਦੀਆਂ ਕੋਸ਼ਿਸ਼ਾਂ ਸਦਕਾ ਹੀ ਉੱਜਲ : ਡਾ. ਜੋਗਾ ਸਿੰਘ

ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ, ਚੰਡੀਗੜ੍ਹ ਵੱਲੋਂ ‘ਕੌਮਾਂਤਰੀ ਮਾਂ ਬੋਲੀ ਦਿਵਸ’ ਨੂੰ ਸਮਰਪਿਤ ਇੱਕ ਵਿਚਾਰ ਗੋਸ਼ਟੀ ”ਖੇਤਰੀ ਭਾਸ਼ਾਵਾਂ ਦਾ ਭਵਿੱਖ ਅਤੇ ਕਲਮ ਨੂੰ ਚੁਣੌਤੀਆਂ” ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਵਿਖੇ ਕਰਵਾਈ ਗਈ ਜਿਸ ਵਿਚ ਵੱਡੀ ਗਿਣਤੀ ਵਿੱਚ ਲੇਖਕਾਂ, ਪੱਤਰਕਾਰਾਂ, ਚਿੰਤਕਾਂ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਮਾਂ ਬੋਲੀ ਲਈ ਹੋਰ ਦ੍ਰਿੜਤਾ ਨਾਲ ਕੰਮ ਕਰਨ ਦਾ ਹੌਸਲਾ ਦਿੰਦੇ ਹਨ। ਮੰਚ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਲੇਖਕ ਤੇ ਪੱਤਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਉੱਘੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਕਿਹਾ ਕਿ ਕੋਈ ਵੀ ਭਾਸ਼ਾ ਉਦੋਂ ਤੱਕ ਨਹੀਂ ਮਰਦੀ ਜਦੋਂ ਤੱਕ ਉਸਦੇ ਰੀਤੀ-ਰਿਵਾਜ਼ਾਂ ਦੀ ਰਿਵਾਇਤ ਚਲਦੀ ਰਹੇਗੀ।
ਸਰਕਾਰਾਂ ਦੇ ਨਾਲ ਨਾਲ ਸਾਡਾ ਸਾਰਿਆਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਹਰ ਉਹ ਉਪਰਾਲਾ ਕਰਦੇ ਰਹੀਏ ਜਿਸ ਨਾਲ ਭਾਸ਼ਾ ਪ੍ਰਤੀ ਸਾਡਾ ਸਮਰਪਣ ਬਰਕਰਾਰ ਰਹੇ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕਾਨੂੰਨ, ਵਿਗਿਆਨ ਜਿਹੇ ਵਿਸ਼ੇ ਜੇ ਮਾਂ ਬੋਲੀ ਵਿੱਚ ਪੜ੍ਹਾਏ ਜਾਣ ਤਾਂ ਉਹ ਵਧੇਰੇ ਸਮਝ ਆਉਣਗੇ। ਇਸ ਸਬੰਧ ਵਿੱਚ ਉਨ੍ਹਾਂ ਕਈ ਮੁਲਕਾਂ ਦੀ ਉਦਾਹਰਣ ਦਿੱਤੀ ਜਿੱਥੇ ਇਹ ਸਾਰੀ ਸਿੱਖਿਆ ਅੰਗਰੇਜ਼ੀ ਦੀ ਬਜਾਏ ਉਨ੍ਹਾਂ ਦੇਸ਼ਾਂ ਦੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਵਿਚ ਦਿੱਤੀ ਜਾਂਦੀ ਹੈ।
ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਆਪਣੇ ਸੰਬੋਧਨ ਵਿਚ ਚੰਡੀਗੜ੍ਹ ‘ਚ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਦੀ ਗੱਲ ਕਰਦਿਆਂ ਕਿਹਾ ਕਿ ਚੰਡੀਗੜ੍ਹ ਤੋਂ ਇਲਾਵਾ ਦੇਸ਼ ਦੇ ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਪ੍ਰਸ਼ਾਸਕੀ ਭਾਸ਼ਾ ਅੰਗਰੇਜ਼ੀ ਨਹੀਂ ਹੈ। ਪੰਜਾਬ ਦੀ ਜ਼ਮੀਨ ‘ਤੇ ਉਸਾਰੇ ਗਏ ਇਸ ਸ਼ਹਿਰ ਵਿੱਚ ਹੀ ਪੰਜਾਬੀ ਨੂੰ ਮਾਣ ਤਾਣ ਨਹੀਂ ਮਿਲ ਰਿਹਾ ਜਿਸ ਵਾਸਤੇ ਮੌਕੇ ਦੀਆਂ ਸਰਕਾਰਾਂ ਤੇ ਅਫ਼ਸਰਸ਼ਾਹੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਸਰਕਾਰੀ ਕਾਲਜ ਚੰਡੀਗੜ੍ਹ ਦੇ ਡੀਨ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਜਿਸ ਭਾਸ਼ਾ ਵਿਚ ਅਸੀਂ ਸੋਚਦੇ ਹਾਂ ਉਹ ਹੀ ਸਾਡੀ ਅਕਾਦਮਿਕ ਬੁਨਿਆਦ ਬਣਦੀ ਹੈ ਤੇ ਉਸ ਤੋਂ ਬਾਅਦ ਇਹ ਪ੍ਰਗਟਾਵਾ ਕਿਸੇ ਵੀ ਹੋਰ ਭਾਸ਼ਾ ਵਿਚ ਸਹਿਜੇ ਕੀਤਾ ਜਾ ਸਕਦਾ ਹੈ।
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਲੇਖਕ ਪੱਤਰਕਾਰ ਭਾਈਚਾਰੇ ਨੂੰ ਇਕਜੁੱਟ ਹੋ ਕੇ ਮਾਂ ਬੋਲੀ ਦੇ ਸਤਿਕਾਰ ਲਈ ਸੁਹਰਦਿਤਾ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉੱਘੇ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਪੰਜਾਬੀ ਭਾਸ਼ਾ ਲਈ ਹੋਰ ਬਹੁਤ ਕੁਝ ਕੀਤੇ ਜਾਣ ਦੀ ਲੋੜ ਦੱਸੀ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਪੱਤਰਕਾਰਾਂ ਵੱਲੋਂ ਲੜੀ ਜਾ ਰਹੀ ਕਲਮ ਦੀ ਲੜਾਈ ਦੇ ਹਵਾਲੇ ਨਾਲ ਕਿਹਾ ਕਿ ਇਸ ਸਬੰਧ ਵਿੱਚ ਸਰਕਾਰੀ ਨੀਤੀਆਂ ‘ਚ ਹੋਰ ਸੁਧਾਰ ਅਤੇ ਨਜ਼ਰੀਏ ਵਿਚ ਸਾਰਥਕਤਾ ਦੀ ਜ਼ਰੂਰਤ ਹੈ।
ਧੰਨਵਾਦ ਸ਼ਬਦ ਕਹਿੰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਆਉਂਦੇ ਸਮੇਂ ਵਿਚ ਅਜਿਹੇ ਹੋਰ ਸਮਾਗਮ ਕਰਕੇ ਸਭਾ ਆਪਣੇ ਫ਼ਰਜ਼ ਨਿਭਾਉਂਦੀ ਰਹੇਗੀ। ਸਮਾਰੋਹ ਦੇ ਦੂਜੇ ਹਿੱਸੇ ਵਿੱਚ ਮਾਂ ਬੋਲੀ ਵਿਸ਼ੇ ਤੇ ਕਵਿਤਾਵਾਂ ਪੜ੍ਹੀਆਂ ਗਈਆਂ ਜਿਸਦਾ ਸੰਚਾਲਨ ਪੰਜਾਬੀ ਲੇਖਕ ਸਭਾ ਦੇ ਸਕੱਤਰ ਪਾਲ ਅਜਨਬੀ ਵੱਲੋਂ ਬਾਖੂਬੀ ਕੀਤਾ ਗਿਆ।
ਇਸ ਮੌਕੇ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਚਿੰਤਕਾਂ ਵਿਚ ਸੁਨੈਣਨੀ ਸ਼ਰਮਾ, ਪੰਮੀ ਸਿੱਧੂ ਸੰਧੂ, ਸੁਰਜੀਤ ਸਿੰਘ ਧੀਰ, ਗੁਰਪਿੰਦਰਪ੍ਰੀਤ ਸਿੰਘ ਸੰਧੂ, ਸੁਖਵਿੰਦਰ ਸਿੰਘ, ਪ੍ਰੋ.ਦਿਲਬਾਗ ਸਿੰਘ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ, ਸਾਇਰ ਭੱਟੀ, ਸਿਰੀਰਾਮ ਅਰਸ, ਮਨਜੀਤ ਕੌਰ ਮੀਤ, ਆਤਿਸ਼ ਗੁਪਤਾ, ਸੁਖਵਿੰਦਰ ਸਿੰਘ ਸਿੱਧੂ, ਜੈ ਸਿੰਘ ਛਿੱਬਰ, ਆਰ. ਐਸ ਲਿਬਰੇਟ, ਸੁਦੇਸ਼ ਸ਼ਰਮਾ, ਮਨਦੀਪ ਸਿੰਘ, ਵੈਭਵ ਸਰਮਾ ਨਵਾਂ ਪੰਜਾਬ, ਸੁਰਿੰਦਰ ਗਿੱਲ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਡਾ.ਨੀਨਾ ਸੈਣੀ, ਬਲਵਿੰਦਰ ਸਿੰਘ ਢਿੱਲੋਂ, ਬਲਵੀਰ ਸਿੰਘ, ਨਿਛੱਤਰ ਝੁੱਟੀਕਾ, ਦਰਸ਼ਨ ਤ੍ਰਿਊਣਾ, ਮਨਮੋਹਨ ਸਿੰਘ ਕਲਸੀ, ਡਾ. ਖੁਸਹਾਲ ਸਿੰਘ ਸਿੰਘ ਸਭਾ, ਤਲਵਿੰਦਰ ਸਿੰਘ, ਜਸਬੀਰ ਸਿੰਘ, ਹਰਬੰਸ ਸੋਢੀ, ਬਾਬੂ ਰਾਮ ਦੀਵਾਨਾ, ਜਸਪਾਲ ਸਿੰਘ ਸਿੱਧੂ, ਬਿੰਦੂ ਸਿੰਘ, ਕੈਪਟਨ ਨਰਿੰਦਰ ਸਿੰਘ, ਗੁਰਮੀਤ ਸਿੰਘ, ਤੇਜਿੰਦਰ ਸਿੰਘ, ਪਰਮਜੀਤ ਮਾਨ ਬਰਨਾਲਾ, ਕਰਨਪਾਲ ਸਿੰਘ ਰਾਏਕੋਟ, ਮੇਜਰ ਸਿੰਘ ਪੰਜਾਬੀ, ਪਰਮਿੰਦਰ ਸਿੰਘ ਮਦਾਨ, ਗੁਰਮੀਤ ਸਿੰਘ, ਪ੍ਰੀਤਮ ਰੁਪਾਲ ਤੇ ਜਸਬੀਰ ਸਿੰਘ ਸ਼ਾਮਿਲ ਹੋਏ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …