2024 ਲਈ ਹੋਣ ਲੱਗੀਆਂ ਤਿਆਰੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਮਿਸ਼ਨ 2024 ਨੂੰ ਲੈ ਕੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਪਿਛਲੇ ਦਿਨੀਂ ਵਿਚਾਰ-ਵਟਾਂਦਰਾ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਰੋਡ ਮੈਪ ਵਿਚ ਦੱਸਿਆ ਕਿ ਕਾਂਗਰਸ ਪਾਰਟੀ ਲੋਕ ਸਭਾ ਦੀਆਂ 370 ਸੀਟਾਂ ’ਤੇ ਫੋਕਸ ਕਰਨ ਦੇ ਨਾਲ ਹੀ ਮਹਾਰਾਸ਼ਟਰ, ਬੰਗਾਲ ਅਤੇ ਤਾਮਿਲਨਾਡੂ ਵਿਚ ਗਠਜੋੜ, ਜਦਕਿ ਉੜੀਸਾ, ਬਿਹਾਰ ਅਤੇ ਯੂਪੀ ਵਿਚ ‘ਏਕਲਾ ਚੱਲੋ’ ਨੀਤੀ ਅਪਣਾਏ। ਮੀਡੀਆ ਤੋਂ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੇ ਇਸ ਫਾਰਮੂਲੇ ਨਾਲ ਰਾਹੁਲ ਗਾਂਧੀ ਨੇ ਵੀ ਸਹਿਮਤੀ ਪ੍ਰਗਟਾਈ ਹੈ। ਪ੍ਰਸ਼ਾਂਤ ਕਿਸ਼ੋਰ ਨੇ ਸੁਝਾਅ ਦਿੱਤਾ ਕਿ ਕਾਂਗਰਸ ਲੋਕ ਸਭਾ ਚੋਣਾਂ 2024 ਲਈ ਕੁੱਲ 543 ਸੀਟਾਂ ਵਿਚੋਂ ਸਿਰਫ 370 ਸੀਟਾਂ ’ਤੇ ਧਿਆਨ ਦੇਵੇ। ਇਨ੍ਹਾਂ ਵਿਚ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸ਼ਗੜ੍ਹ, ਕਰਨਾਟਕ, ਕੇਰਲ ਅਤੇ ਗੁਜਰਾਤ ਦੀਆਂ ਜ਼ਿਆਦਾਤਰ ਸੀਟਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 2019 ਦੀਆਂ ਆਮ ਚੋਣਾਂ ਵਿਚ ਕਾਂਗਰਸ 52 ਸੀਟਾਂ ਹੀ ਜਿੱਤ ਸਕੀ ਸੀ।